ਰਵੀ ਖਹਿਰਾ/ਮਾਨ ਸਿੰਘ, ਖਡੂਰ ਸਾਹਿਬ/ਮੀਆਂਵਿੰਡ : ਕਾਰਸੇਵਾ ਵਾਲੇ ਮਹਾਪੁਰਖਾਂ ਦੀ ਬਰਸੀ ਨਾਲ ਸਬੰਧਤ ਗੁਰਮਤਿ ਸਮਾਗਮ ਹਰਿਆਵਲ ਲਹਿਰ ਨੂੰ ਅੱਗੇ ਵਧਾਉਣ ਦੇ ਸੱਦੇ ਨਾਲ ਕਾਰਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਵੱਲੋਂ ਕਰਵਾਇਆ ਗਿਆ।

ਉਨ੍ਹਾਂ ਕਿਸਾਨਾਂ ਤੇ ਸਮੂਹ ਸੰਗਤ ਨੂੰ ਸੱਦਾ ਦਿੱਤਾ ਕਿ ਆਪੋ ਆਪਣੀ ਜ਼ਮੀਨ 'ਚੋਂ ਛੋਟੇ ਵੱਡੇ ਟੁਕੜੇ ਪਵਿੱਤਰ ਜੰਗਲ ਲਈ ਮੁਹੱਈਆ ਕਰਵਾਉਣ ਤਾਕਿ ਮਨੁੱਖ ਸਮੇਤ ਕਾਇਨਾਤ ਦੇ ਹੋਰਨਾਂ ਜੀਵਾਂ ਨੂੰ ਵੀ ਸਾਹ ਸੌਖਾ ਆ ਸਕੇ। ਉਨ੍ਹਾਂ ਕਿਹਾ ਇਹ ਜੰਗਲ ਪਸ਼ੂ ਪੰਛੀਆਂ ਦਾ ਵਸੇਬਾ ਬਣਨਗੇ ਤੇ ਸਾਡੇ ਵਾਤਾਵਰਨ ਨੂੰ ਵੀ ਸਾਫ ਸੁਥਰਾ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਕਾਰਸੇਵਾ ਖਡੂਰ ਸਾਹਿਬ ਵੱਲੋਂ ਵਿੱਦਿਅਕ, ਸੇਵਾ ਕਾਰਜਾਂ ਤੇ ਵਾਤਾਵਰਨ ਦੇ ਖੇਤਰ ਵਿਚ ਕੀਤੇ ਗਏ ਕਾਰਜਾਂ ਦੇ ਇਤਿਹਾਸ ਤੋਂ ਵੀ ਸੰਗਤ ਨੂੰ ਜਾਣੂ ਕਰਵਾਇਆ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਨੇ ਕਿਹਾ ਕਿ ਕਾਰਸੇਵਾ ਵਾਲੇ ਮਹਾਪੁਰਖਾਂ ਵੱਲੋਂ ਸ਼ੁਰੂ ਕੀਤਾ ਗਿਆ ਸੇਵਾ ਦਾ ਕੁੰਭ 12 ਮਹੀਨੇ 30 ਦਿਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਵਾ ਅਭਿਮਾਨ ਨੂੰ ਨਿਗਲ ਜਾਂਦੀ ਹੈ। ਦੁਨੀਆਂ 'ਤੇ ਸੱਚ ਤੇ ਕੂੜ ਦੋ ਹੀ ਮਾਰਗ ਹਨ। ਸੱਚ ਦੇ ਮਾਰਗ 'ਤੇ ਤੁਰਨ ਵਾਲੇ ਗੁਰਮੁਖ ਤੇ ਕੂੜ ਦੇ ਮਾਰਗ 'ਤੇ ਤੁਰਨ ਵਾਲੇ ਮਨਮੁਖ ਕਹਾਉਂਦੇ ਹਨ। ਸੱਚ ਦੇ ਮਾਰਗ 'ਤੇ ਤੁਰਨ ਵਾਲਿਆਂ ਨੂੰ ਹੀ ਦੁਨੀਆ ਅਦਬ ਨਾਲ ਯਾਦ ਕਰਦੀ ਹੈ। ਇਸ ਮੌਕੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਪਿ੍ਰੰਸੀਪਲ ਕੰਵਲਜੀਤ ਸਿੰਘ ਨੇ ਕਾਰਸੇਵਾ ਖਡੂਰ ਸਾਹਿਬ ਨਾਲ ਸਬੰਧਤ ਵਿੱਦਿਅਕ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ। ਭਾਈ ਵਿਕਰਮਜੀਤ ਸਿੰਘ ਨੇ ਕੋਰੋਨਾ ਕਾਲ ਦੌਰਾਨ ਕਾਰਸੇਵਾ ਖਡੂਰ ਸਾਹਿਬ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦਾ ਵੇਰਵਾ ਦਿੱਤਾ।

ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਬੰਤਾ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸ਼ਿੰਦਰ ਸਿੰਘ ਭੂਰੀ ਵਾਲੇ, ਗੁਰਬਚਨ ਸਿੰਘ ਕਰਮੂਵਾਲ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਦਰਸ਼ਨ ਸਿੰਘ ਗੁਮਟਾਲਾ, ਬਾਬਾ ਬਿੱਕਰ ਸਿੰਘ ਖਡੂਰ ਸਾਹਿਬ, ਬਾਬਾ ਗੁਰਮੇਜ ਸਿੰਘ ਬਿੱਲੀ ਵੜੈਚ ਤੇ ਬਾਬਾ ਲੱਖਾ ਸਿੰਘ ਗਵਾਲੀਅਰ ਨੇ ਵੀ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਅਮੀਰ ਸਿੰਘ ਜਵੰਦ ਕਲਾਂ ਵੱਲੋਂ ਵੀ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਨਿਸ਼ਾਨ ਏ ਸਿੱਖੀ ਦੇ ਧਰਮ ਅਧਿਐਨ ਵਿਭਾਗ ਦੇ ਜੇਆਰਐੱਫ ਤੇ ਨੈੱਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰਰੋ. ਪਰਮਿੰਦਰ ਸਿੰਘ ਅਟਾਰੀ ਨੇ ਨਿਭਾਈ। ਯਾਦ ਰਹੇ ਕਿ 26 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿੰਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਗਏ। ਉਪਰੰਤ ਸ਼ਾਮ 4 ਵਜੇ ਤਕ ਗੁਰਮਤਿ ਸਮਾਗਮ ਚੱਲਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।