ਰਵੀ ਖਹਿਰਾ, ਖਡੂਰ ਸਾਹਿਬ : ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਖ਼ਿਲਾਫ਼ ਸਿੰਘੂ ਕੁੰਡਲੀ ਬਾਰਡਰ 'ਤੇ ਲੱਗੇ ਪੱਕੇ ਮੋਰਚੇ ਦੇ 92ਵੇਂ ਦਿਨ ਵਿਸ਼ਾਲ ਇਕੱਠ ਕੀਤਾ ਤੇ ਰੈਲੀ ਕਰਕੇ ਰੋਸ ਮੁਜ਼ਾਹਰਾ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਕੀਤੇ ਜਾ ਰਹੇ ਜਬਰ ਵਿਰੁੱਧ ਸੰਘਰਸ਼ ਨੂੰ ਨਵਾਂ ਰੂਪ ਦਿੱਤਾ ਜਾਵੇ ਤਾਂ ਜੋ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ। ਕਿਸਾਨ ਆਗੂਆਂ ਨੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਲਈ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਨੂੰ ਦੱਸਦੇ ਹੋਏ ਦੇਸ਼ ਭਰ ਦੇ ਲੋਕਾਂ ਨੂੰ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਲਾਮਬੰਦ ਹੋਣ ਦੀ ਅਪੀਲ ਕੀਤੀ। ਉਕਤ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਵਿਰੁੱਧ ਸਾਰੇ ਮਸਲਿਆਂ ਨੂੰ ਲੈ ਕੇ ਪੰਜਾਬ ਵਿਚ ਲੋਕਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਤੇ 12 ਮਾਰਚ ਨੂੰ ਜਲੰਧਰ, 14 ਨੂੰ ਕਪੂਰਥਲਾ, 15 ਨੂੰ ਫਿਰੋਜਪੁਰ ਵਿਖੇ ਵਿਸ਼ਾਲ ਰੈਲੀਆਂ ਜਾ ਰਹੀਆਂ ਹਨ। ਇੰਨ੍ਹਾਂ ਰੈਲੀਆਂ 'ਚ ਮਜ਼ਦੂਰ, ਅੌਰਤਾਂ ਤੇ ਬੱਚੇ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, 23 ਫ਼ਸਲਾਂ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ, ਗਿ੍ਫਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ, ਪਰਚੇ ਰੱਦ ਕੀਤੇ ਜਾਣ, ਬੈਰੀਕੇਡਿੰਗ ਹਟਾ ਕੇ ਮੋਰਚਿਆਂ ਨੂੰ ਆਉਂਦੇ ਸਾਰੇ ਰਸਤੇ ਖੋਲ੍ਹੇ ਜਾਣ।

ਇਸ ਮੌਕੇ ਗੁਰਪ੍ਰਰੀਤ ਸਿੰਘ ਖਾਨਪੁਰ, ਹਰਵਿੰਦਰ ਸਿੰਘ ਖੁਜਾਲਾ, ਬਖਸ਼ੀਸ਼ ਸਿੰਘ, ਅਨੋਖ ਸਿੰਘ ਸੁਲਤਾਨੀ, ਰਣਬੀਰ ਸਿੰਘ ਡੁਗਰੀ, ਬੀਬੀ ਦਵਿੰਦਰ ਕੌਰ, ਸੋਹਣ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।