ਪੱਤਰ ਪ੍ਰਰੇਰਕ, ਤਰਨਤਾਰਨ : ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਹਮਪੁਰਾ ਨੇ ਪੇਸ਼ ਹੋ ਰਹੇ ਪੰਜਾਬ ਬਜਟ 'ਚ ਕਿਸਾਨਾਂ, ਮਜਦੂਰਾਂ, ਗਰੀਬਾਂ ਤੇ ਪੱਛੜੇ ਵਰਗਾਂ ਲਈ ਖਾਸ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਹੋਏ ਲਾਕਡਾਊਨ ਕਾਰਨ ਮਿਹਨਤਕਸ਼ ਵਰਗ ਬਹੁਤ ਬੁਰੀ ਤਰ੍ਹਾਂ ਕਰਜਾਈ ਹੋਇਆ ਹੈ। ਰਣਜੀਤ ਸਿੰਘ ਬ੍ਹਮਪੁਰਾ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਕਿਸਾਨਾਂ ਦੇ ਹਿੱਤਾਂ ਲਈ ਬਜਟ ਸੈਸ਼ਨ 'ਚ ਵੱਧ ਤੋਂ ਵੱਧ ਸਹੀ ਨੀਤੀਆਂ ਬਣਾਈਆਂ ਜਾਣ। ਬ੍ਹਮਪੁਰਾ ਨੇ ਕਿਹਾ ਕਿ ਸਰਕਾਰ ਨੇ ਚੋਣ ਮੈਨੀਫੈਸਟੋ 'ਚ 2 ਲੱਖ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਵਾਅਦਾ ਕੀਤਾ ਸੀ ਪਰ ਕਾਫੀ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਜਿੰਨ੍ਹਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ ਨਹੀ ਹੋਏ, ਉਨ੍ਹਾਂ ਲਈ ਵਿਸ਼ੇਸ਼ ਫੰਡ ਰੱਖ ਕੇ ਰਾਹਤ ਦਵਾਈ ਜਾਵੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਕਾਰਨ ਪਹਿਲਾਂ ਪੰਜਾਬ 'ਚ 6 ਮਹੀਨੇ ਤੋਂ ਫਿਰ ਦਿੱਲੀ ਦੇ ਬਾਰਡਰਾਂ 'ਤੇ 3 ਮਹੀਨੇ ਤੋਂ ਵੱਧ ਦਾ ਸਮਾਂ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਰਹੀ। ਇਸ ਵੇਲੇ ਕਰਜ਼ਾਈ ਕਿਸਾਨ ਅੰਦੋਲਨ ਕਾਰਨ ਹੋਰ ਪੱਛੜ ਗਿਆ ਹੈ।

ਬ੍ਹਮਪੁਰਾ ਕਿਹਾ ਕਿ ਕੇਂਦਰ ਸਰਕਾਰ ਮੋਰਚੇ ਨੂੰ ਲਮਕਾਉਣ ਤੇ ਧਮਕਾਉਣ ਵਾਲੀ ਨੀਤੀ ਤੇ ਚੱਲ ਰਹੀ ਹੈ। ਪਰ ਦੇਸ਼ ਦੇ ਅੰਨਦਾਤੇ ਨੇ ਸਰਕਾਰ ਦੀਆਂ ਸਭ ਕੋਝੀਆਂ ਚਾਲਾਂ ਨੂੰ ਪਛਾੜ ਕੇ ਇਕ ਪਾਸੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਪੂੰਜੀਪਤੀਆਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਦੀ ਫਸਲ ਕਣਕ ਸਮੇਤ ਹੋਰ ਉਤਪਾਦ ਮਾਰਕੀਟ 'ਚ ਆਉਣ ਵਾਲੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਕਰਨ ਦੇ ਨਾਲ ਨਾਲ ਆਰਥਿਕ ਬੰਦੋਬਸਤ ਵੀ ਕਰਨਾ ਹੈ। ਬ੍ਹਮਪੁਰਾ ਨੇ ਕਿਹਾ ਦਿੱਲੀ ਦੀਆਂ ਸੜਕਾਂ ਤੇ ਬੈਠੇ ਕਿਸਾਨਾਂ ਨਾਲ ਕੇਂਦਰ ਸਰਕਾਰ ਗੈਰ ਲੋਕਤੰਤਰੀ ਸਲੂਕ ਕਰ ਰਹੀ ਹੈ। ਕਿਸਾਨ, ਮਜ਼ਦੂਰ ਆਪਣੇ ਹੱਕਾਂ ਖਾਤਰ ਪਰਿਵਾਰਾਂ ਸਮੇਤ ਕਿਸਾਨੀ ਘੋਲ 'ਚ ਬੈਠੇ ਹਨ ਪਰ ਸਰਕਾਰ ਧਿਆਨ ਨਹੀਂ ਦੇ ਰਹੀ।