ਬੱਲੂ ਮਹਿਤਾ, ਪੱਟੀ : ਡਾ. ਭੁਪਿੰਦਰ ਸਿੰਘ ਏਡੀਓ, ਡਾ. ਸੰਦੀਪ ਸਿੰਘ ਏਡੀਓ ਤੇ ਅਮਨਦੀਪ ਸਿੰਘ ਉੱਪ ਨਿਰੀਖਕ ਨੇ ਪਿੰਡ ਜੋਤੀ ਸ਼ਾਹ, ਸਭਰਾ, ਭੱਗੂਪੁਰ ਤੇ ਕਾਲੇਕੇ ਉਤਾੜ ਵਿਖੇ ਫਸਲਾਂ ਦਾ ਨਿਰੀਖਣ ਕੀਤਾ।

ਇਸ ਮੌਕੇ ੳੱਦਮੀ ਕਿਸਾਨਾਂ ਦੁਆਰਾ ਪਰਾਲੀ ਪ੍ਰਬੰਧਨ ਕਰਕੇ ਬੀਜੀ ਕਣਕ, ਘਰੇਲੂ ਵਰਤੋਂ ਲਈ ਤਿਆਰ ਕੀਤੇ ਜਾ ਰਹੇ ਗੁੱੜ ਤੇ ਖਾਦ ਤੇਲ ਲਈ ਲਗਾਈ ਸਰੋਂ ਤੇ ਛੋਲਿਆਂ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਗੁਰਜੰਟ ਸਿੰਘ, ਗੁਰਵਿੰਦਰ ਸਿੰਘ ਤੇ ਜੁਗਰਾਜ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਵਾਰ ਜਿਥੇ ਪਰਾਲੀ ਪ੍ਰਬੰਧਨ ਕਰਦਿਆਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ, ਉੱਥੇ ਨਵਾਂ ਤਜਰਬਾ ਕਰਦਿਆਂ ਪਰਾਲੀ ਵਿਚ ਕਣਕ ਦੇ ਬੀਜ ਦਾ ਛੱਟਾ ਦਿੱਤਾ ਗਿਆ ਹੈ। ਇਸ ਨਾਲ ਜਿਥੇ ਬਿਜਾਈ ਦਾ ਖਰਚਾ ਤੇ ਨਦੀਨ ਨਾਸ਼ਕ ਜ਼ਹਿਰਾਂ ਤੋਂ ਰਾਹਤ ਮਿਲੀ ਹੈ ਉੱਥੇ ਰਵਾਇਤੀ ਬਿਜਾਈ ਦੇ ਮੁਕਾਬਲੇ ਫਸਲ ਵੀ ਵਧੀਆ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਨਾੜ ਪਰਾਲੀ ਨੂੰ ਅੱਗ ਨਾ ਲਾਉਣ ਦਾ ਦਿ੍ੜ ਸੰਕਲਪ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਦੱਸਿਆ ਕਿ ਘਰੇਲੂ ਗੱੁੜ ਤੇ ਖਾਦ ਤੇਲ ਉਤਪਾਦਨ ਨਾਲ ਸ਼ੁੱਧਤਾ ਦੀ ਤਸੱਲੀ ਰਹਿੰਦੀ ਹੈ। ਖੇਤੀ ਅਧਿਕਾਰੀਆਂ ਨੇ ਕਿਸਾਨਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਨਵੀਨਤਮ ਸਿਖਲਾਈ ਤੇ ਸੁਚੱਜੇ ਮੰਡੀਕਰਨ ਲਈ ਖੇਤੀਬਾੜੀ ਵਿਭਾਗ ਤੇ ਕਿ੍ਸ਼ੀ ਵਿਗਿਆਨ ਕੇਂਦਰ ਨਾਲ ਤਾਲਮੇਲ ਰੱਖਣ ਲਈ ਕਿਹਾ। ਉਨ੍ਹਾਂ ਸੁਝਾਅ ਦਿੱਤਾ ਕਿ ਜ਼ਹਿਰਾਂ ਦਾ ਿਛੜਕਾਅ ਵੇਖੋ ਵੇਖੀ ਦੀ ਬਜਾਏ ਮਾਹਰਾਂ ਦੀ ਸਲਾਹ ਅਨੁਸਾਰ ਆਰਥਿਕ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਹੀ ਕੀਤਾ ਜਾਵੇ।

ਸਰੋਂ ਦੀ ਫਸਲ 'ਚ ਕੀਟ ਨਾਸ਼ਕ ਜ਼ਹਿਰਾਂ ਦੀ ਵਰਤੋਂ ਦੁਪਿਹਰ ਤੋਂ ਬਾਅਦ ਹੀ ਕੀਤੀ ਜਾਵੇ, ਜਦੋਂ ਪਰ ਪਰਾਗਣ ਵਾਲੇ ਕੀੜੇ ਖੇਤ ਵਿਚ ਨਾ ਹੋਣ। ਕਣਕ ਵਿਚ ਕੁੰਗੀ ਦੀ ਪਛਾਣ ਤੇ ਪ੍ਰਭਾਵੀ ਰੋਕਥਾਮ ਸਬੰਧੀ ਜਾਣਕਾਰੀ ਵੀ ਇਸ ਮੌਕੇ ਦਿੱਤੀ ਗਈ।