ਜਸਪਾਲ ਸਿੰਘ ਜੱਸੀ/ਰਾਕੇਸ਼ ਨਈਅਰ, ਤਰਨਤਾਰਨ/ਚੋਹਲਾ ਸਾਹਿਬ : ਪਿੰਡ ਘੜਕਾ ਦੀਆਂ ਬਹਿਕਾਂ ਤੋਂ ਪੌਣੇ ਦੋ ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਉਕਤ ਨੌਜਵਾਨ ਨੂੰ ਉਸ ਦੀ ਕਥਿਤ ਪ੍ਰਰੇਮਿਕਾ ਦੇ ਪਿਤਾ ਨੇ ਹੀ ਹੱਤਿਆ ਕਰਕੇ ਲਾਸ਼ ਬਿਆਸ ਦਰਿਆ 'ਚ ਸੁੱਟ ਦਿੱਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਲਾਪਤਾ ਹੋਏ ਨੌਜਵਾਨ ਦੇ ਪਿਤਾ ਨੇ ਪੁੱਤਰ ਦੇ ਦੋਸਤ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ਼ ਕਰਵਾਇਆ ਸੀ ਪਰ ਜਾਂਚ ਦੌਰਾਨ ਇਹ ਮਾਮਲਾ ਕਿਸੇ ਹੋਰ ਵੱਲੋਂ ਕੀਤੇ ਕਤਲ ਦਾ ਨਿਕਲ ਆਇਆ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐੱਸਪੀ ਜਾਂਚ ਮਹਿਤਾਬ ਸਿੰਘ ਨੇ ਮੰਗਲਵਾਰ ਤਰਨਤਾਰਨ ਵਿਖੇ ਪ੍ਰਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪਿੰਡ ਘੜਕਾ ਵਾਸੀ ਅਮਰਜੀਤ ਸਿੰਘ ਦੇ ਪਰਿਵਾਰ ਮੁਤਾਬਕ 3 ਜਨਵਰੀ ਨੂੰ ਆਪਣੇ ਦੋਸਤ ਮੇਜਰ ਸਿੰਘ ਦੇ ਘਰ ਗਿਆ ਸੀ ਤੇ ਰਾਤ ਉੱਥੇ ਹੀ ਰਹਿ ਪਿਆ ਪਰ ਮੁੜ ਘਰ ਵਾਪਸ ਨਹੀਂ ਆਇਆ। 20 ਦਿਨ ਤਕ ਪਰਿਵਾਰ ਸਮਝਦਾ ਰਿਹਾ ਕਿ ਉਨ੍ਹਾਂ ਦਾ ਪੁੱਤਰ ਦਿੱਲੀ ਅੰਦੋਲਨ 'ਚ ਸ਼ਾਮਲ ਹੋਣ ਗਿਆ ਹੋਵੇਗਾ। 23 ਜਨਵਰੀ ਨੂੰ ਅਮਰਜੀਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਮੇਜਰ ਸਿੰਘ ਦੇ ਖਿਲਾਫ ਅਗਵਾ ਦਾ ਕੇਸ ਥਾਣਾ ਚੋਹਲਾ ਸਾਹਿਬ 'ਚ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਡੀਐੱਸਪੀ ਸ੍ਰੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਜਦੋਂ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਅਮਰਜੀਤ ਸਿੰਘ ਦੇ ਪੱਖੋਪੁਰ ਵਾਸੀ ਮੰਗਲ ਸਿੰਘ ਦੀ ਕੁੜੀ ਨਾਲ ਪ੍ਰਰੇਮ ਸਬੰਧ ਸਨ ਤੇ ਉਹ ਉਸੇ ਰਾਤ ਕੁੜੀ ਨੂੰ ਮਿਲਣ ਗਿਆ ਸੀ, ਜਿਥੇ ਕੁੜੀ ਦੇ ਪਿਤਾ ਨੇ ਦੋਵਾਂ ਨੂੰ ਵੇਖ ਲਿਆ ਤੇ ਅਮਰਜੀਤ ਸਿੰਘ ਨੂੰ ਬੰਨ ਕੇ ਉਸ ਨੂੰ ਕਰੰਟ ਲਾ ਕੇ ਉਸ ਦੀ ਹੱਤਿਆ ਕਰ ਦਿੱਤੀ। ਜਦਕਿ ਲਾਸ਼ ਨੂੰ ਪਿੰਡ ਘੜਕਾ ਇਲਾਕੇ 'ਚ ਪੈਂਦੇ ਦਰਿਆ 'ਚ ਰੋਹੜ ਦਿੱਤਾ। ਐੱਸਪੀ ਜਾਂਚ ਮਹਿਤਾਬ ਸਿੰਘ ਨੇ ਦੱਸਿਆ ਮੰਗਲ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਅਗਵਾ ਦੇ ਦਰਜ ਮਾਮਲੇ 'ਚ ਹੱਤਿਆ ਤੇ ਲਾਸ਼ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸ ਦਾ ਦੋ ਦਿਨਾ ਪੁਲਿਸ ਰਿਮਾਂਡ ਮਿਲਿਆ ਹੈ। ਇਸ ਦੌਰਾਨ ਹੱਤਿਆ ਲਈ ਵਰਤਿਆ ਸਾਮਾਨ ਜਿਥੇ ਬਰਾਮਦ ਕੀਤਾ ਜਾਵੇਗਾ। ਉਥੇ ਲਾਸ਼ ਨੂੰ ਦਰਿਆ ਤਕ ਕਿਸ ਤਰ੍ਹਾਂ ਲਿਜਾਇਆ ਆਦਿ ਬਾਰੇ ਵੀ ਜਾਂਚ ਕੀਤੀ ਜਾਵੇਗੀ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਲਾਸ਼ ਨੂੰ ਦਰਿਆ ਵਿਚ ਜਿਸ ਜਗ੍ਹਾ ਸੁੱਟਿਆ ਗਿਆ ਹੈ, ਉਥੇ ਗੋਤਾਖੋਰ ਉਤਾਰੇ ਜਾ ਰਹੇ ਹਨ।