ਜਸਪਾਲ ਸਿੰਘ ਜੱਸੀ, ਤਰਨਤਾਰਨ : ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਤੇ ਭਾਈ ਹੁਕਮ ਸਿੰਘ ਵਸਾਊਕੋਟ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ ਗੁਰਮਤਿ ਸਮਾਗਮਾਂ ਦੀ ਆਰੰਭਤਾ ਮੰਗਲਵਾਰ ਤਰਨਤਾਰਨ ਦੇ ਪਿੰਡ ਅਲਾਦੀਨਪੁਰ ਵਿਖੇ ਕੀਤੀ ਗਈ। ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੂੰ ਮਹੰਤਾਂ ਪਾਸੋਂ ਅਜ਼ਾਦ ਕਰਵਾਉਣ ਲਈ ਆਪਣੀ ਸ਼ਹਾਦਤ ਦਿੱਤੀ ਸੀ।

ਇਸ ਸਾਕੇ ਦੇ ਸੌ ਸਾਲਾ ਦਿਹਾੜੇ ਸਬੰਧੀ ਮਹਾਨ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ ਸਮਾਗਮਾਂ ਦੇ ਪਹਿਲੇ ਦਿਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ, ਜਿਸ ਤੋਂ ਪ੍ਰਰੇਰਣਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਪ੍ਰਬੰਧ ਪੰਥਕ ਹੱਥਾਂ 'ਚ ਲੈਣ ਲਈ ਸਿੱਖ ਕੌਮ ਦੇ ਇਨ੍ਹਾਂ ਦੋ ਮਹਾਨ ਯੋਧਿਆਂ ਨੇ ਸ਼ਹਾਦਤਾਂ ਦੇ ਕੇ ਗੁਰਦੁਆਰਾ ਸੁਧਾਰ ਲਹਿਰ ਨੂੰ ਹੋਰ ਮਜ਼ਬੂਤ ਕੀਤਾ। ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਨ ਲਈ ਅੱਗੇ ਆਉਣ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਸਿੱਖ ਰਹਿਤ ਮਰਯਾਦਾ ਦਿ੍ੜ੍ਹ ਕਰਨ ਤੇ ਬੱਚਿਆਂ ਨੂੰ ਪੜ੍ਹਾਉਣ ਦੀ ਅਪੀਲ ਕੀਤੀ। ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਤੇ ਇਸਤਰੀ ਅਕਾਲੀ ਦਲ ਤਰਨਤਾਰਨ ਦੀ ਪ੍ਰਧਾਨ ਬੀਬੀ ਰਪਿੰਦਰ ਕੌਰ ਬ੍ਹਮਪੁਰਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਤੇ ਢਾਡੀ ਤੇ ਕਵੀਸ਼ਰ ਜਥਿਆਂ ਨੇ ਇਹਿਤਾਸ ਸਾਂਝਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨਤਾਰਨ ਵਾਲੇ, ਮੈਂਬਰ ਭਾਈ ਮਨਜੀਤ ਸਿੰਘ, ਖੁਸ਼ਵਿੰਦਰ ਸਿੰਘ ਭਾਟੀਆ, ਭਾਈ ਅਜਾਇਬ ਸਿੰਘ ਅਭਿਆਸੀ, ਅਮਰਜੀਤ ਸਿੰਘ ਬੰਡਾਲਾ, ਬਾਬਾ ਨਿਰਮਲ ਸਿੰਘ ਨੌਸ਼ਿਹਰਾ ਢਾਲਾ, ਬੀਬੀ ਕਿਰਨਜੋਤ ਕੌਰ, ਬੀਬੀ ਹਰਜਿੰਦਰ ਕੌਰ ਪੱਟੀ, ਗੁਰਦੁਆਰਾ ਡੇਰਾ ਸਾਹਿਬ ਲੋਹਾਰ ਦੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ, ਬੀਬੀ ਕੁਲਵਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਸਿਮਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਕਾਹਲਵਾਂ, ਓਐੱਸਡੀ ਡਾ. ਸੁਖਬੀਰ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਸਰਬਜੀਤ ਸਿੰਘ ਢੋਟੀਆਂ, ਬੀਬੀ ਹਰਪ੍ਰਰੀਤ ਕੌਰ, ਭਾਈ ਜੱਜ ਸਿੰਘ, ਭਾਈ ਲਖਮੀਰ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਕੁਲਦੀਪ ਸਿੰਘ, ਗੁਰਸੇਵਕ ਸਿੰਘ ਸ਼ੇਖ, ਗੁਰਿੰਦਰ ਸਿੰਘ ਲੋਹੇਵਾਲੇ, ਭਾਗ ਸਿੰਘ, ਸੂਬਾ ਸਿੰਘ, ਕੁਲਦੀਪ ਸਿੰਘ, ਅਜਾਇਬ ਸਿੰਘ, ਰਣਜੀਤ ਸਿੰਘ, ਬਚਿੱਤਰ ਸਿੰਘ, ਵਿਰਸਾ ਸਿੰਘ, ਹੀਰਾ ਸਿੰਘ ਭੈਲ ਆਦਿ ਮੌਜੂਦ ਸਨ।

-- ਸਰਕਾਰ ਖੇਤੀ ਕਾਨੂੰਨ ਰੱਦ ਕਰਕੇ ਆਪਣੀ ਗਲਤੀ ਸੁਧਾਰੇ : ਬੀਬੀ ਜਗੀਰ ਕੌਰ

ਪਿੰਡ ਅਲਾਦੀਨਪੁਰ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਜਿੱਦ ਛੱਡਣ ਲਈ ਕਿਹਾ। ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਬੀਤੇ ਕੱਲ੍ਹ ਦਿੱਲੀ ਵਿਖੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਤੇ ਲਾਠੀਚਾਰਜ ਕਰਨਾ ਮੰਦਭਾਗਾ ਹੈ। ਜੇਕਰ ਕਿਸਾਨਾਂ ਦੀਆਂ ਹੱਕੀ ਮੰਗਾਂ 'ਤੇ ਸਰਕਾਰ ਨੇ ਗੌਰ ਕੀਤਾ ਹੁੰਦਾ ਤਾਂ ਅਜਿਹੇ ਹਾਲਾਤ ਨਾ ਬਣਦੇ। ਉਨ੍ਹਾਂ ਕਿਹਾ ਅਜੇ ਵੀ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਤੇ ਕਾਨੂੰਨ ਰੱਦ ਕਰਕੇ ਆਪਣੇ ਗਲਤੀ ਸੁਧਾਰਨੀ ਚਾਹੀਦੀ ਹੈ।