ਜਸਪਾਲ ਸਿੰਘ ਜੱਸੀ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਜ਼ੋਨਾਂ ਦੇ ਪਿੰਡਾ ਵਿਚੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ 'ਤੇ ਵੱਡੇ ਕਾਫਲਿਆਂ ਦੇ ਰੂਪ 'ਚ ਟਰੈਕਟਰ ਮਾਰਚ ਕੱਿਢਆ। ਇਹ ਮਾਰਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋ ਦਿੱਲੀ 'ਚ ਕੱਢੇ ਜਾ ਰਹੇ ਕਿਸਾਨ ਟਰੈਕਟਰ ਮਾਰਚ ਦੀ ਹਮਾਇਤ 'ਚ ਆਪਣੀ ਦਿੱਲੀ ਜਾਣ ਦੀ ਵਾਰੀ ਦੀ ਉਡੀਕ ਦੇ ਦਰਮਿਆਨ ਕੀਤਾ ਗਿਆ। ਜਦਕਿ ਸਾਰੇ ਜ਼ਿਲ੍ਹੇ ਦਾ ਚੱਕਰ ਲਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਨੇੜੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਸਤਨਾਮ ਸਿੰਘ ਮਾਣੋਚਾਹਲ, ਤੇਜਿੰਦਰਪਾਲ ਸਿੰਘ ਰਸੂਲਪੁਰ, ਗੁਰਭੇਜ ਸਿੰਘ ਚੂਸਲੇਵੜ, ਮਜ਼ਦੂਰ ਆਗੂ ਸਵਿੰਦਰਪਾਲ ਸਿੰਘ ਪਿੱਦੀ, ਦਰਸ਼ਨ ਸਿੰਘ ਅਲਾਵਲਪੁਰ, ਕੰਬਾਈਨ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਦੁਗਲਵਾਲਾ, ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ 26 ਨਵੰਬਰ ਤੋਂ ਪੰਜਾਬ ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਸਾਰੇ ਦੇਸ਼ ਦੇ ਕਿਸਾਨ ਨਵੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਵੱਖ ਵੱਖ ਬਾਰਡਰਾਂ 'ਤੇ ਮੋਰਚੇ ਲਾ ਕੇ ਬੈਠੇ ਹਨ। ਅੱਤ ਦੀ ਠੰਢ 'ਚ 250 ਦੇ ਕਰੀਬ ਕਿਸਾਨ ਮਜ਼ਦੂਰ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ। 11 ਦੌਰਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਚੱਲ ਚੁੱਕੀ ਹੈ ਪਰ ਹਰ ਮੀਟਿੰਗ 'ਚ ਕੇਂਦਰ ਸਰਕਾਰ ਦੇ ਵਜ਼ੀਰ ਨਵੇਂ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਜਿੱਦ 'ਤੇ ਅੜ ਜਾਂਦੇ ਹਨ। ਕੇਂਦਰ ਸਰਕਾਰ ਦੀ ਇਸ ਅੜੀ ਕਾਰਨ ਕਿਸਾਨ ਜਥੇਬੰਦੀਆਂ ਵੱਲੋ 26 ਜਨਵਰੀ ਨੂੰ ਟਰੈਕਟਰ ਕਿਸਾਨ ਮਾਰਚ ਦਾ ਐਲਾਨ ਕੀਤਾ ਸੀ। ਦਿੱਲੀ ਚੱਲ ਰਹੇ ਸੰਘਰਸ਼ ਦੀ ਹਮਾਇਤ 'ਚ ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ਨੇ ਝੰਡੇ ਲਾ ਜਿਲ੍ਹੇ ਦੀਆ ਵੱਖ-ਵੱਖ ਸੜਕਾਂ 'ਤੇ ਟਰੈਕਟਰ ਮਾਰਚ ਕੀਤਾ ਜਿਸ 'ਚ ਨੌਜਵਾਨ ਵਰਗ ਦੀ ਸ਼ਮੂਲੀਅਤ ਵੱਡੀ ਪੱਧਰ 'ਤੇ ਸੀ। ਉਨ੍ਹਾਂ ਕਿਹਾ ਜ਼ਿਲ੍ਹੇ 'ਚੋਂ 20 ਜਨਵਰੀ ਨੂੰ 2500 ਦੇ ਕਰੀਬ ਟਰੈਕਟਰ ਟਰਾਲੀਆਂ ਦਿੱਲੀ ਗਈਆਂ ਸਨ ਤੇ ਅਜੇ ਹਜ਼ਾਰਾਂ ਟਰੈਕਟਰ ਟਰਾਲੀਆਂ 'ਤੇ ਕਿਸਾਨ ਮਜ਼ਦੂਰ ਆਪਣੀ ਦਿੱਲੀ ਜਾਣ ਦੀ ਵਾਰੀ ਦੀ ਉਡੀਕ ਕਰ ਰਹੇ ਹਨ।

ਇਸ ਮੌਕੇ ਤਰਸੇਮ ਸਿੰਘ ਧਾਰੀਵਾਲ, ਮਹਿੰਦਰ ਸਿੰਘ ਭੋਜੀਆ, ਸੱਰਮਖ ਸਿੰਘ ਸ਼ੇਰੋ, ਰਣਜੀਤ ਸਿੰਘ ਤੇਜਾ ਸਿੰਘ ਵਾਲਾ, ਪਲਵਿੰਦਰ ਸਿੰਘ ਪਿੰਕਾ, ਸਤਨਾਮ ਸਿੰਘ ਖਹਿਰਾ, ਭਾਗ ਸਿੰਘ ਕਲਸੀਆ, ਮੁਖਰਾਜ ਸਿੰਘ ਰਾਜਾ, ਅਮਰਜੀਤ ਸਿੰਘ ਉਸਮਾ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਪਲਾਸੌਰ, ਸ਼ਮਸ਼ੇਰ ਸਿੰਘ ਦੁਗਲਵਾਲਾ ਆਦਿ ਨੇ ਵੀ ਸੰਬੋਧਨ ਕੀਤਾ।