ਜਸਪਾਲ ਸਿੰਘ ਜੱਸੀ, ਤਰਨਤਾਰਨ : 72ਵੇਂ ਗਣਤੰਤਰ ਦਿਵਸ ਮੌਕੇ ਤਰਨਤਾਰਨ ਦੇ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ 'ਚ ਜ਼ਿਲ੍ਹਾ ਪੱਧਰੀ ਸਮਾਗਮ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰਰੀਤ ਕੌਰ ਰੰਧਾਵਾ, ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਐੱਚ ਨਿੰਬਲੇ ਵੀ ਉਨ੍ਹਾਂ ਨਾਲ ਸਨ। ਸਮਾਗਮ ਦੌਰਾਨ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਪਰੇਡ ਕਮਾਂਡਰ ਡੀਐੱਸਪੀ ਰਮਨਜੀਤ ਸਿੰਘ ਭੁੱਲਰ ਦੀ ਅਗਵਾਈ 'ਚ ਪੰਜਾਬ ਪੁਲਿਸ ਤੇ ਮਹਿਲਾ ਪੁਲਿਸ ਨੇ ਪਰੇਡ 'ਚ ਹਿੱਸਾ ਲਿਆ ਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਜਦੋਂਕਿ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਤੇ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀਆਂ ਦਿਲਕਸ਼ ਝਾਕੀਆਂ ਵੀ ਕੱਢੀਆਂ ਗਈਆਂ। ਆਪਣੇ ਸੰਬੋਧਨ ਦੌਰਾਨ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਡੀਸੀ ਕੁਲਵੰਤ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਰੱਖਣ ਦਾ ਸੱਦਾ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਦੇਸ਼ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਮੁਲਕ ਨੂੰ ਆਜ਼ਾਦੀ ਮਿਲੀ ਤੇ ਡਾ. ਭੀਮ ਰਾਓ ਅੰਬੇਡਕਰ ਤੇ ਹੋਰਨਾਂ ਸ਼ਖਸੀਅਤਾਂ ਦੀ ਸਖ਼ਤ ਘਾਲਣਾ ਸਦਕਾ ਮੁਲਕ ਅੰਦਰ ਲੋਕਤੰਤਰੀ ਵਿਵਸਥਾ ਸਥਾਪਤ ਹੋਈ। ਉਨ੍ਹਾਂ ਕਿਹਾ ਅਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਹੀ ਸਹੀ ਮਾਇਨਿਆਂ 'ਚ ਗਣਰਾਜ ਦੀ ਸਥਾਪਨਾ ਹੋਈ ਤੇ ਭਾਰਤੀਆਂ ਦੇ ਸੁਪਨੇ ਸਾਕਾਰ ਹੋਏ। ਉਨ੍ਹਾਂ ਕਿਹਾ ਭਾਰਤ ਨੂੰ ਦੁਨੀਆ 'ਚ ਸਭ ਤੋਂ ਵੱਡੀ ਜ਼ਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਲ ਤੇ ਚੁਣੌਤੀ ਪੂਰਨ ਸਮੇਂ 'ਚੋਂ ਗੁਜ਼ਰ ਰਹੇ ਹਾਂ, ਜਦੋਂ ਕੋਰੋਨਾ ਮਹਾਮਾਰੀ ਨੇ ਸਾਡੇ ਸੂਬੇ ਤੇ ਮੁਲਕ ਸਮੇਤ ਪੂਰੀ ਦੁਨੀਆ ਨੂੰ ਆਪਣੀ ਗਿ੍ਫ਼ਤ 'ਚ ਲਿਆ ਹੋਇਆ ਹੈ। ਕੋਰੋਨਾ ਖਿਲਾਫ਼ ਜੰਗ 'ਚ ਜ਼ਿਲ੍ਹੇ ਨੇ ਮੋਹਰੀ ਭੂਮਿਕਾ ਨਿਭਾਈ ਹੈ ਤੇ ਇਸ ਬਿਮਾਰੀ 'ਤੇ ਤੇਜ਼ੀ ਨਾਲ ਕਾਬੂ ਪਾਉਣ ਤੇ ਇਸ ਦਾ ਫੈਲਾਅ ਰੋਕਣ 'ਚ ਕਾਫੀ ਹੱਦ ਤਕ ਸਫਲ ਹੋਇਆ ਹੈ। ਜ਼ਿਲ੍ਹੇ ਦੀਆਂ ਪ੍ਰਰਾਪਤੀਆਂ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਸਮਾਰਟ ਵਿਲੇਜ਼ ਮੁਹਿੰਮ ਤਹਿਤ ਪਹਿਲੇ ਫੇਜ਼ ਦੌਰਾਨ 339 ਪੰਚਾਇਤਾਂ 'ਚ 759 ਕੰਮਾਂ ਲਈ 37 ਕਰੋੜ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ ਹੈ, ਇਹ ਰਾਸ਼ੀ ਨਾਲ ਗਲੀਆਂ, ਨਾਲੀਆਂ, ਸ਼ਮਸ਼ਾਨ ਘਾਟ, ਛੱਪੜਾਂ ਦੀ ਸਫ਼ਾਈ ਤੇ ਜਿੰਮ ਆਦਿ ਬਣਾਉਣ ਲਈ ਖਰਚ ਕੀਤੀ ਗਈ ਹੈ।

ਇਸ ਤੋਂ ਇਲਾਵਾ ਦੂਜੇ ਫੇਜ਼ ਦੌਰਾਨ 574 ਪੰਚਾਇਤਾਂ ਨੂੰ 1217 ਕੰਮਾਂ ਲਈ 16209.50 ਲੱਖ ਰੁਪਏ ਜਾਰੀ ਕੀਤੇ ਗਏ ਸਨ, ਜਿਸ ਤਹਿਤ 907 ਕੰਮ ਸ਼ੁਰੂ ਕੀਤੇ ਗਏ ਹਨ, ਜਿਸ 'ਤੇ 5703 ਲੱਖ ਖਰਚ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਅੱਜ ਗਣਤੰਤਰ ਦਿਵਸ ਮੌਕੇ ਜ਼ਿਲ੍ਹੇ ਦੇ ਪਿੰਡ ਗੱਗੋਬੂਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ 97 ਹਜ਼ਾਰ 500 ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ ਬਣਾਏ ਜਾਣ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪਿੰਡ ਬਾਹਮਣੀ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ 6 ਲੱਖ 64 ਹਜ਼ਾਰ 684 ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ ਬਣਾਇਆ ਗਿਆ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ, ਐੱਸਡੀਐੱਮ ਤਰਨਤਾਰਨ ਰਜਨੀਸ਼ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਅਮਨਪ੍ਰਰੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦਰ ਸਿੰਘ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।

-- ਇਨ੍ਹਾਂ ਦਾ ਹੋਇਆ ਸਮਾਗਮ ਦੌਰਾਨ ਸਨਮਾਨ

ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਨੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਰਾਸ਼ਟਰੀ ਬਾਲੜੀ ਦਿਵਸ ਸਬੰਧੀ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਤੇ ਬਾਲੜੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਕੋਵਿਡ-19 ਦੌਰਾਨ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ। ਇਸੇ ਤਰ੍ਹਾਂ ਪਰੇਡ 'ਚ ਭਾਗ ਲੈਣ ਵਾਲੀਆਂ ਟੁਕੜੀਆਂ ਦਾ ਵੀ ਸਨਮਾਨ ਕੀਤਾ ਗਿਆ।