ਗੁਰਬਰਿੰਦਰ ਸਿੰਘ, ਫਤਿਆਬਾਦ : ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਿੰਡ ਦੀ ਸਰਪੰਚੀ ਤੋਂ ਮੁਅੱਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਰਪੰਚ ਜਗਰੂਪ ਸਿੰਘ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਤਿ ਕਰੀਬੀਆਂ 'ਚੋਂ ਇਕ ਸਨ, ਜਿੰਨ੍ਹਾਂ ਦੀ ਪੰਚਾਇਤੀ ਚੋਣ ਸਮੇਂ ਕਥਿਤ ਤੌਰ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਸਿਆਸੀ ਧੱਕੇਸ਼ਾਹੀ ਨਾਲ ਸਰਪੰਚੀ ਹਥਿਆਉਣ ਦੇ ਦੋਸ਼ ਲੱਗੇ ਸਨ।

ਉਧਰ, ਦੂਜੇ ਪਾਸੇ ਇਸ ਚੋਣ ਨੂੰ ਚੁਣੌਤੀ ਦਿੰਦਿਆਂ ਦੂਜੀ ਧਿਰ ਦੇ ਸਰਪੰਚੀ ਦੇ ਦਾਅਵੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਦੇ ਭਰਾ ਕੰਵਲਜੀਤ ਸਿੰਘ ਸੰਧੂ ਨੇ ਸਰਪੰਚੀ ਚੋਣਾਂ 'ਚ ਕਥਿਤ ਤੌਰ 'ਤੇ ਘੁਟਾਲਾ ਕਰਨ ਦੇ ਦੋਸ਼ ਲਾਉਂਦਿਆਂ ਮਾਣਯੋਗ ਅਦਾਲਤ 'ਚ ਇਸ ਚੋਣ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ ਦੋ ਸਾਲ ਬਾਅਦ ਆਏ ਫੈਸਲੇ ਮੁਤਾਬਕ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਨੂੰ ਮੁਅੱਤਲ ਕਰਕੇ ਕੰਵਲਜੀਤ ਸਿੰਘ ਸੰਧੂ ਨੂੰ ਪਿੰਡ ਦੇ ਸਰਪੰਚ ਦੇ ਅਹੁਦੇ 'ਤੇ ਬਹਾਲ ਕਰ ਦਿੱਤਾ ਗਿਆ ਹੈ।

ਇਸ ਮੌਕੇ ਕੰਵਲਜੀਤ ਸਿੰਘ ਸੰਧੂ ਦੇ ਘਰ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਹਰਜੀਤ ਸਿੰਘ ਸੰਧੂ, ਕਵਰ ਸੰਧੂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਪੰਚਾਇਤੀ ਚੋਣਾਂ 'ਚ ਹੋਈ ਗੜਬੜੀ ਨੂੰ ਲੈ ਕੇ ਕੰਵਲਜੀਤ ਸਿੰਘ ਸੰਧੂ ਵੱਲੋਂ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦਾ ਅੱਜ ਫੈਸਲਾ ਆਇਆ ਹੈ, ਜਿਸ 'ਚ ਸੱਚਾਈ ਦੀ ਜਿੱਤ ਹੋਈ ਹੈ।

-- ਸੰਧੂ ਪਿੰਡ ਖਵਾਸਪੁਰ ਦੇ ਸਰਪੰਚ ਨਿਯੁਕਤ : ਐੱਸਡੀਐੱਮ ਪੱਟੀ

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਹੁਣ ਪੱਟੀ ਦੇ ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕੰਵਲਜੀਤ ਸਿੰਘ ਸੰਧੂ ਦੀ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਸਰਪੰਚ ਜਗਰੂਪ ਸਿੰਘ ਨੂੰ ਮੁਅੱਤਲ ਕਰ ਕੇ ਕੰਵਲਜੀਤ ਸਿੰਘ ਸੰਧੂ ਨੂੰ ਪਿੰਡ ਖਵਾਸਪੁਰ ਦਾ ਸਰਪੰਚ ਨਿਯੁਕਤ ਕਰ ਦਿੱਤਾ ਗਿਆ ਹੈ।

-- ਅਜੇ ਸਰਪੰਚੀ ਤੋਂ ਮੁਅੱਤਲੀ ਦੇ ਆਰਡਰ ਨਹੀਂ ਮਿਲੇ : ਜਗਰੂਪ ਸਿੰਘ

ਇਸ ਸਬੰਧੀ ਖਵਾਸਪੁਰ ਦੇ ਮੌਜੂਦਾ ਸਰਪੰਚ ਜਗਰੂਪ ਸਿੰਘ ਨੇ ਕਿਹਾ ਉਨ੍ਹਾਂ ਨੂੰ ਹਾਲੇ ਤਕ ਸਰਪੰਚੀ ਤੋਂ ਮੁਅੱਤਲੀ ਦੇ ਆਰਡਰ ਨਹੀਂ ਮਿਲੇ। ਆਰਡਰ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕਰਨ ਬਾਰੇ ਵਿਚਾਰ ਕਰਨਗੇ।