ਪੱਤਰ ਪ੍ਰਰੇਰਕ, ਦਿਆਲਪੁਰਾ : ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਅਕਬਰਪੁਰ ਵਿਖੇ ਚੋਰਾਂ ਵੱਲੋਂ ਇਕੋ ਰਾਤ ਦੁਕਾਨ ਤੇ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਬੈਟਰਾ, ਦੋ ਮੋਬਾਈਲ ਤੇ ਹੋਰ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦਿਆਂ ਜਜਬੀਰ ਸਿੰਘ ਕਰਿਆਨਾ ਸਟੋਰ ਵਾਲਿਆਂ ਨੇ ਦੱਸਿਆ ਕੇ ਉਸ ਦੀ ਦੁਕਾਨ ਘਰ 'ਚ ਹੀ ਹੈ। ਚੋਰਾਂ ਨੇ ਦੁਕਾਨ ਦਾ ਘਰ ਦੇ ਅੰਦਰ ਵਾਲੇ ਦਰਵਾਜੇ ਦਾ ਤਾਲਾ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਤੇ ਦੁਕਾਨ ਦੇ ਬਾਹਰਲੇ ਦਰਵਾਜੇ ਨੂੰ ਅੰਦਰੋਂ ਲੱਗਾ ਤਾਲਾ ਤੋੜ ਕੇ ਫਰਾਰ ਹੋ ਗਏ।

ਦੂਜੀ ਵਾਰਦਾਤ ਦੇ ਸ਼ਿਕਾਰ ਅਜੀਤ ਸਿੰਘ ਪੁੱਤਰ ਚੈਂਚਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਬੈਟਰਾ ਚੋਰੀ ਕਰ ਲਿਆ ਹੈ। ਇਸੇ ਤਰ੍ਹਾਂ ਤੀਜੀ ਵਾਰਦਾਤ ਦੇ ਸ਼ਿਕਾਰ ਹੋਏ ਕੁਲਵੰਤ ਸਿੰਘ ਪੁੱਤਰ ਧਰਮ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਦੋ ਮੋਬਾਈਲ ਚੋਰੀ ਕਰ ਲਏ। ਇਸ ਮੌਕੇ ਪੀੜਤ ਪਰਿਵਾਰਾਂ ਤੋਂ ਇਲਾਵਾ ਹਾਜ਼ਰ ਪ੍ਰਧਾਨ ਬਲਵੰਤ ਸਿੰਘ, ਰਣਬੀਰ ਸਿੰਘ, ਬਾਬਾ ਅਮੀਰ ਸਿੰਘ, ਨੰਬਰਦਾਰ ਗੁਰਦਿਆਲ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਅਜੀਤ ਸਿੰਘ, ਕੁਲਵੰਤ ਸਿੰਘ, ਤੇਜਿੰਦਰ ਸਿੰਘ, ਸਰਬਜੀਤ ਸਿੰਘ ਨੰਬਰਦਾਰ, ਦਿਲਬਾਗ ਸਿੰਘ ਨੇ ਦੱਸਿਆ ਕਿ ਕੁਝ ਕੁ ਦਿਨ ਪਹਿਲਾਂ ਵੀ ਪਿੰਡ 'ਚੋਂ ਚੋਰਾਂ ਨੇ ਵੱਖ-ਵੱਖ ਘਰਾਂ 'ਚੋਂ ਤਿੰਨ ਮੋਟਰਾਂ ਚੋਰੀ ਕਰ ਲਈਆਂ ਸਨ, ਜਿੰਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਚਲ ਸਕਿਆ। ਇਸ ਸਬੰਧੀ ਥਾਣਾ ਕੱਚਾ ਪੱਕਾ ਐੱਸਐੱਚਓ ਬਚਿੱਤਰ ਸਿੰਘ ਦਾ ਕਹਿਣਾ ਹੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ ਵਿਚ ਵੀ ਲਿਆ ਗਿਆ ਹੈ।