ਰਾਕੇਸ਼ ਨਈਅਰ, ਚੋਹਲਾ ਸਾਹਿਬ : ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਫੋਕੀ ਸੋਚ ਜੱਗ ਜਾਹਰ ਹੋ ਗਈ ਹੈ। ਕਿਸਾਨ ਸੰਗਠਨਾਂ ਤੇ ਸਰਕਾਰ ਦੇ ਵਜ਼ੀਰਾਂ ਨਾਲ 11 ਮੀਟਿੰਗਾਂ ਹੋਣ ਦੇ ਬਾਵਜੂਦ ਵੀ ਮਸਲੇ ਦਾ ਕੋਈ ਹੱਲ ਨਹੀ ਨਿਕਲ ਪਾਇਆ, ਜਿਸ ਦਾ ਇਕੋ ਇਕ ਮਤਲਬ ਹੈ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦਾ ਕੋਈ ਧਿਆਨ ਨਹੀਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਹਮਪੁਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬ੍ਹਮਪੁਰਾ ਨੇ ਸਪੱਸ਼ਟ ਕੀਤਾ ਕਿ ਸ਼ੁੱਕਰਵਾਰ ਨੂੰ ਹੋਈ ਗਿਆਰ੍ਹਵੀਂ ਮੀਟਿੰਗ 'ਚ ਜਿਸ ਤਰ੍ਹਾਂ ਦਾ ਵਤੀਰਾ ਸਰਕਾਰ ਦੇ ਮੰਤਰੀਆਂ ਦਾ ਸੀ ਉਹ ਬਿਲਕੁਲ ਗੈਰ ਲੋਕਤੰਤਰੀ ਸੀ। ਪਹਿਲਾਂ ਤਾਂ ਕਿਸਾਨ ਸੰਗਠਨਾਂ ਨੂੰ ਸਾਢੇ ਤਿੰਨ ਘੰਟੇ ਦੀ ਉਡੀਕ ਕਰਵਾਈ ਜਿਸ ਦੀ ਉਹ ਕਰੜੇ ਸ਼ਬਦਾਂ ਚ ਨਿਖੇਧੀ ਕਰਦੇ ਹਨ। ਬ੍ਹਮਪੁਰਾ ਨੇ ਕਿਹਾ ਅਸਲ 'ਚ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਅਸਫਲ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਵਾਰ ਵਾਰ ਕਿਸਾਨਾਂ ਨਾਲ ਮੀਟਿੰਗਾਂ ਰੱਖੀਆਂ। ਪਰ ਜਦ ਤਕ ਕਾਲੇ ਕਾਨੂੰਨਾਂ ਨੂੰ ਪੂਰਨ ਰੂਪ 'ਚ ਰੱਦ ਨਹੀਂ ਕੀਤਾ ਜਾਂਦਾ ਇਹ ਅੰਦੋਲਨ ਨਹੀਂ ਖਤਮ ਹੋਵੇਗਾ।

ਰਵਿੰਦਰ ਸਿੰਘ ਬ੍ਹਮਪੁਰਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਕਿਸਾਨੀ ਘੋਲ ਨੂੰ ਫੇਲ੍ਹ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ 26 ਜਨਵਰੀ ਵਾਲੇ ਦਿਨ ਮਾਹੌਲ ਨੂੰ ਖਰਾਬ ਕਰਨ ਦੀ ਤਾਕ 'ਚ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਨੈਤਿਕ-ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਦੇਸ਼ ਦੇ ਅੰਨਦਾਤੇ ਨਾਲ ਅਜਿਹਾ ਵਰਤਾਰਾ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਸੰਘਰਸ਼ ਦੌਰਾਨ 100 ਤੋਂ ਵੱਧ ਕਿਸਾਨ ਸ਼ਹੀਦੀਆਂ ਦਾ ਜਾਮ ਪੀ ਗਏ ਹਨ। ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਇਸ ਸਬੰਧੀ ਕੋਈ ਵੀ ਬਿਆਨ ਨਹੀਂ ਆਇਆ। ਉਨ੍ਹਾਂ ਕਿਹਾ ਕਿਸਾਨ ਹੀ ਸਮੁੱਚੇ ਦੇਸ਼ ਦਾ ਿਢੱਡ ਭਰਦਾ ਹੈ। ਬ੍ਹਮਪੁਰਾ ਕਿਹਾ ਕਿ ਸਰਕਾਰ ਨੇ ਵੱਡੇ ਘਰਾਣਿਆਂ ਨੂੰ ਖੁਸ਼ ਕਰਨ ਦੇ ਚੱਕਰ 'ਚ ਇਹ ਕਾਨੂੰਨ ਲਿਆਂਦੇ ਹਨ ਤਾਂ ਜੋ ਪੂੰਜੀਪਤੀਆਂ ਨੂੰ ਲਾਭ ਮਿਲ ਸਕੇ ਤੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਜਮੀਨਾਂ ਖੋਹੀਆਂ ਜਾ ਸਕਣ। ਉਨ੍ਹਾਂ ਕਿਹਾ 26 ਜਨਵਰੀ ਦੀ ਕਿਸਾਨ ਪਰੇਡ 'ਚ ਸ਼ਾਮਲ ਹੋਣ ਲਈ ਕਈ ਜਥੇ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਭੇਜੇ ਗਏ ਹਨ ਤੇ ਉਨ੍ਹਾਂ ਸਭ ਵਰਗ ਦੇ ਲੋਕਾਂ ਨੂੰ ਕਿਸਾਨ ਪਰੇਡ 'ਚ ਸ਼ਾਮਲ ਹੋਣ ਲਈ ਕਿਹਾ।

ਇਸ ਮੌਕੇ ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ ਆੜ੍ਹਤੀ, ਡਾ. ਜਤਿੰਦਰ ਸਿੰਘ, ਮਨਜਿੰਦਰ ਸਿੰਘ ਲਾਟੀ, ਮੇਜਰ ਸਿੰਘ ਖੋਖਰ, ਗੁਰਨਾਮ ਸਿੰਘ, ਅਵਤਾਰ ਸਿੰਘ ਤੇ ਸਿਮਰਨਜੀਤ ਸਿੰਘ ਕਾਕੂ ਪੀਏ ਆਦਿ ਹਾਜ਼ਰ ਸਨ।