ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਕਾਲੇ ਕਾਨੂੰਨਾਂ ਖ਼ਿਲਾਫ਼ ਇਕ ਮੰਚ ਤੇ ਇਕੱਠੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਸਮੁੱਚੇ ਭਾਈਚਾਰੇ ਦੇ ਲੋਕ ਕੇਂਦਰ ਸਰਕਾਰ ਨੂੰ ਰਾਜ ਕਰਨ ਦੀ ਜਾਚ ਸਿਖਾ ਦੇਣਗੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਸੇਵੀ ਆਗੂ ਲੱਖਾ ਸਿਧਾਣਾ ਨੇ ਪਿੰਡ ਬਲੇਰ ਵਿਖੇ ਲੋਕਾਂ ਦੇ ਇਕੱਠ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਮੌਕੇ ਕੀਤਾ।

ਉਨ੍ਹਾਂ ਕਿਹਾ ਜਨਤਾ ਨੂੰ ਅਨੇਕਾਂ ਸਬਜਬਾਗ ਵਿਖਾ ਕੇ ਕੇਂਦਰ ਵਿਚ ਰਾਜ 'ਤੇ ਬਿਰਾਜਮਾਨ ਹੋਈ ਭਾਜਪਾ ਸਰਕਾਰ ਮਨ ਆਈਆਂ ਕਰਕੇ ਜਨਤਾ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸਰਕਾਰ ਨੇ ਪਹਿਲਾਂ ਨੋਟਬੰਦੀ ਕਰਕੇ ਜਨਤਾ ਨੂੰ ਕਹਿਰ ਦੀ ਸਰਦੀ ਅੰਦਰ ਬੈਂਕਾਂ ਅੱਗੇ ਖੜ੍ਹੇ ਹੋਣ ਲਈ ਮਜਬੂਰ ਕੀਤਾ, ਫਿਰ ਜੰਮੂ ਕਸ਼ਮੀਰ ਦੀ ਧਾਰਾ 370 ਤੋੜ ਦਿੱਤੀ ਤੇ ਹੁਣ ਸਰਕਾਰ ਨੇ ਗਿਣੀ ਮਿਥੀ ਸਾਜਿਸ਼ ਹੇਠ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਸਰਪੰਚ ਕਰਤਾਰ ਸਿੰਘ, ਸਰਪੰਚ ਸ਼ੇਰਾ ਬਲੇਰ, ਬੋਹੜ ਸਿੰਘ, ਜੀਓਜੀ ਨਿਸ਼ਾਨ ਸਿੰਘ, ਸਰਪੰਚ ਪ੍ਰਤਾਪ ਸਿੰਘ, ਗੁਰਪ੍ਰਰੀਤ ਸਿੰਘ, ਗੁਰਨਾਮ ਸਿੰਘ ਨੇ ਲੱਖਾ ਸਿਧਾਣਾ, ਬਾਬਾ ਸੁਰਜੀਤ ਸਿੰਘ ਕੈਰੋਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਵਿਸ਼ਵਾਸ਼ ਦਿਵਾਇਆ ਤੇ ਆਖਿਆ 26 ਜਨਵਰੀ ਨੂੰ ਵੱਖ ਵੱਖ ਪਿੰਡਾਂ ਦੇ ਲੋਕ ਵੱਡੀ ਪੱਧਰ 'ਤੇ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਪਹੁੰਚ ਕੇ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੇ।