ਪੱਤਰ ਪ੍ਰਰੇਰਕ, ਤਰਨਤਾਰਨ : ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਹੈ ਕਿ ਸ਼ਹਿਰ ਦੀ ਮੁੱਖ ਸੜਕ ਦੇ ਪ੍ਰਮੁੱਖ ਚੌਕਾਂ ਨੂੰ ਬੰਦ ਕਰਨ ਨਾਲ ਜਿਥੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ। ਉਥੇ ਦੁਕਾਨਦਾਰਾਂ ਤੇ ਧਾਰਮਿਕ ਅਸਥਾਨਾਂ 'ਤੇ ਜਾਣ ਵਾਲੀ ਸੰਗਤ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਰਸਤੇ 'ਤੇ ਇਕ ਵਾਰ ਫਿਰ ਨਜ਼ਰਸਾਨੀ ਕਰੇ ਤੇ ਰਾਹ ਖੋਲ੍ਹ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ।

ਦੁਕਾਨਦਾਰਾਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਕਿ ਲੋਕ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਰੇਸ਼ਾਨ ਹਨ। ਜੇਕਰ ਹੁਣ ਕੁਝ ਕੰਮ ਕਾਰ ਚੱਲਿਆ ਹੈ ਤਾਂ ਰਸਤੇ ਬੰਦ ਕਰ ਦਿੱਤੇ ਗਏ ਹਨ, ਜਿਸ ਦੇ ਚੱਲਦਿਆਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਜਾਣ ਵਾਲੇ ਗਾਹਕਾਂ ਦੀ ਆਮਦ ਘਟ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੋਹੜੀ ਵਾਲਾ ਚੌਕ, ਚਾਰ ਖੰਬਾ ਚੌਕ ਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਵੀ ਬੈਰੀਕੇਟ ਲਾ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵੀ ਸ਼ਹਿਰ ਦੀ ਮੁੱਖ ਸੜਕ 'ਤੇ ਸਥਿਤ ਹੈ ਤੇ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਸ੍ਰੀ ਸ਼ਿਵਾਲਾ ਮੰਦਰ, ਮੁੱਖ ਡਾਕ ਘਰ, ਰੇਲਵੇ ਸਟੇਸ਼ਨ ਤੇ ਦੋ ਤਿੰਨ ਸਕੂਲਾਂ ਦਾ ਰਸਤਾ ਵੀ ਇਨ੍ਹਾਂ ਬੈਰੀਕੇਟਾਂ ਕਰਕੇ ਪ੍ਰਭਾਵਿਤ ਹੋ ਰਿਹਾ ਹੈ। ਕੁੱਕੂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹ ਰਸਤੇ ਤੁਰੰਤ ਖੋਲ੍ਹੇ ਜਾਣੇ ਚਾਹੀਦੇ ਹਨ। ਇਸ ਮੌਕੇ ਦਵਿੰਦਰ ਸ਼ਰਮਾ, ਜਗੀਰਾ ਪ੍ਰਧਾਨ ਰੇਹੜੀ ਯੂਨੀਅਨ ਆਦਿ ਦੁਕਾਨਦਾਰ ਵੀ ਮੌਜੂਦ ਸਨ।