ਬੱਲੂ ਮਹਿਤਾ, ਪੱਟੀ : ਸ਼ਹਿਰ ਦੇ ਸੇਖੋਂ ਭਰਾਵਾਂ ਵਿਰੁੱਧ ਸਾਜਿਸ਼ ਅਧੀਨ, ਪੁਲਿਸ ਅਧਿਕਾਰੀਆਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਝੂਠਾ ਪੁਲਿਸ ਕੇਸ ਦਰਜ ਕੀਤਾ ਗਿਆ ਹੈ, ਜਿਸ ਸਬੰਧੀ ਜਾਂਚ ਚੱਲ ਰਹੀ ਹੈ। ਉਕਤ ਪ੍ਰਗਟਾਵਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਬੁੱਧਵਾਰ ਨੂੰ ਰੈਸਟ ਹਾਉਸ ਪੱਟੀ 'ਚ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਵਿਧਾਇਕ ਗਿੱਲ ਨੇ ਕਿਹਾ ਸੇਖੋਂ ਭਰਾ ਕਾਂਗਰਸ ਪਾਰਟੀ ਦੇ ਸਰਗਰਮ ਵਰਕਰ ਹਨ। ਉਹ ਸ਼ਰਾਬ ਦੇ ਠੇਕੇਦਾਰ ਹਨ ਤੇ ਸਰਕਾਰ ਨੂੰ ਟੈਕਸ ਭਰਦੇ ਹਨ। ਪੁਲਿਸ ਰੇਡ ਦੌਰਾਨ ਉਨ੍ਹਾਂ ਦੇ ਘਰੋਂ ਕੋਈ ਨਾਜਾਇਜ਼ ਸ਼ਰਾਬ ਬਰਾਮਦ ਨਹੀਂ ਹੋਈ ਤੇ ਨਾ ਹੀ ਉਹ ਨਾਜਾਇਜ਼ ਲਾਹਣ ਦਾ ਧੰਦਾ ਕਰਦੇ ਹਨ। ਗਿੱਲ ਨੇ ਕਿਹਾ ਉਹ ਅਪਣੇ ਵਰਕਰਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ। ਇਹ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਇਸ ਘਟਨਾ ਦਾ ਪਿਛੋਕੜ ਦੱਸਦੇ ਹੋਏ ਕਿਹਾ ਕਿ ਕੁਝ ਲੋਕਾਂ ਕੋਲੋ ਜੰਡਿਆਲਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਸ ਤੋਂ ਬਾਅਦ ਪੁਲਿਸ ਵੱਲੋਂ ਸੇਖੋਂ ਭਰਾਵਾਂ ਘਰ ਛਾਪਾ ਮਾਰਿਆ ਗਿਆ। ਉਥੋਂ ਸਿਰਫ ਡੇਢ ਬੋਤਲ ਸਰਕਾਰੀ ਸ਼ਰਾਬ ਬਰਾਮਦ ਹੋਈ। ਵਿਧਾਇਕ ਗਿੱਲ ਨੇ ਦੱਸਿਆ ਇਕ ਅੱਤਵਾਦ ਦੇ ਪੀੜਤ ਪਰਿਵਾਰ ਨੂੰ ਸਾਜਿਸ਼ ਅਧੀਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੋਤੀ ਸੇਖੋਂ ਤੇ ਹਰਮਨ ਸੇਖੋਂ ਦੇ ਪਿਤਾ ਜਗਦੀਸ਼ ਸਿੰਘ ਸੇਖੋਂ ਅੱਤਵਾਦ ਦੇ ਦੌਰ ਵਿਚ ਪੱਟੀ ਦੀ ਕਚਹਿਰੀ 'ਚ ਅੱਤਵਾਦੀਆਂ ਵੱਲੋਂ ਗ੍ਨੇਡ ਨਾਲ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ। ਵਿਧਾਇਕ ਗਿੱਲ ਨੇ ਕਿਹਾ ਜੇਕਰ ਉਨ੍ਹਾਂ ਦਾ ਕੋਈ ਵਰਕਰ ਗਲਤ ਕੰਮ ਕਰਦਾ ਹੈ ਤਾਂ ਉਹ ਖੁਦ ਉਸ ਵਿਰੁੱਧ ਕਾਰਵਾਈ ਕਰਕੇ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾ ਦੇਣਗੇ। ਗਿੱਲ ਨੇ ਕਿਹਾ ਕੁਝ ਲੋਕ ਇਸ 'ਤੇ ਸਿਆਸਤ ਕਰ ਰਹੇ ਹਨ ਜਿਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ। ਵਿਧਾਇਕ ਗਿੱਲ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜ਼ਰੀਵਾਲ ਵੀ ਪਹਿਲਾਂ ਗੱਲ ਕਹਿ ਦਿੰਦੇ ਹਨ ਫਿਰ ਮਾਫੀ ਮੰਗ ਕੇ ਖਹਿੜਾ ਛੁਡਵਾਉਂਦੇ ਹਨ। ਇਹੀ ਹਾਲ ਇਥੋਂ ਦੇ ਆਗੂਆਂ ਦਾ ਹੈ ਜਿਹੜੇ ਪਹਿਲਾਂ ਦੋ ਵਾਰ ਸੋਸ਼ਲ ਮੀਡੀਆ 'ਤੇ ਮਾਫੀ ਮੰਗ ਚੁੱਕੇ ਹਨ।

ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਪੱਟੀ, ਵਜੀਰ ਸਿੰਘ ਪਾਰਸ ਦਫਤਰ ਇੰਚਾਰਜ, ਦਲਬੀਰ ਸਿੰਘ ਸੇਖੋਂ, ਸਾਧੂ ਸਿੰਘ ਚੰਬਲ ਚੇਅਰਮੈਨ, ਵਿਜੈ ਸ਼ਰਮਾ ਸ਼ਹਿਰੀ ਪ੍ਰਧਾਨ ਪੱਟੀ ਆਦਿ ਹਾਜ਼ਰ ਸਨ।