ਸਟਾਫ ਰਿਪੋਰਟਰ, ਤਰਨਤਾਰਨ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਡੀਆਈਡੀ ਪ੍ਰਰੋਜੈਕਟ ਅਧੀਨ ਵਿਸ਼ੇਸ ਕੈਂਪ ਲਾਏ ਜਾ ਰਹੇ ਹਨ। ਇਨ੍ਹਾਂ 'ਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਦਿਵਿਆਂਗਜਨਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਸਰਟੀਫਿਕੇਟਾਂ ਦੀ ਜਗ੍ਹਾ ਨਵੇਂ ਡਿਜ਼ੀਟਲ ਕਾਰਡ ਜਾਰੀ ਕੀਤੇ ਜਾ ਰਹੇ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਜ਼ਿਲ੍ਹੇ 'ਚ ਜਿੰਨ੍ਹਾਂ ਵਿਅਕਤੀਆਂ ਦੇ ਕਿਸੇ ਕਾਰਨ ਵੱਸ ਅਜੇ ਤਕ ਯੂਡੀਆਈਡੀ ਨਹੀਂ ਬਣੇ, ਉਨ੍ਹਾਂ ਲਈ 28 ਨਵੰਬਰ ਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਵਿਅਕਤੀਆਂ ਦੇ ਅਜੇ ਤਕ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ ਨਹੀਂ ਬਣੇ, ਉਹ ਇਸ ਕੈਂਪ 'ਚ ਆ ਕੇ ਆਪਣਾ ਕਾਰਡ ਬਣਾ ਸਕਦਾ ਹੈ।

ਉਨ੍ਹਾਂ ਕਿਹਾ ਦਿਵਿਆਂਗ ਵਿਅਕਤੀ ਵੈੱਬਸਾਈਟ 'ਤੇ ਜਾ ਕੇ ਜਾਂ ਪਿੰਡਾਂ ਦੇ ਸੇਵਾ ਕੇਂਦਰ, ਸੁਵਿਧਾ ਕੇਂਦਰ ਰਾਹੀਂ ਵੀ ਇਹ ਕਾਰਡ ਬਣਾਉਣ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਦਫ਼ਤਰ ਸਿਵਲ ਸਰਜਨ ਜਾਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਵਿਚ ਦਿਵਿਆਂਗਜਨਾਂ ਲਈ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ ਦੀ ਪ੍ਰਕਿਰਿਆ ਵਿਚ ਪਿਛਲੇ ਦਿਨਾਂ ਵਿਚ ਕਾਫੀ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਲੋੜਵੰਦ ਵਿਅਕਤੀਆਂ ਦੇ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ ਬਣਾਉਣ ਲਈ ਬਲਾਕ ਪੱਧਰ 'ਤੇ ਵੀ ਕੈਂਪ ਲਾਏ ਜਾਣਗੇ।