ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਅੰਮਿ੍ਤਸਰ ਦਿਹਾਤੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਅਰੁਣਾਚਲ ਪ੍ਰਦੇਸ਼ ਤੋਂ ਆਈ ਸ਼ਰਾਬ ਦੀਆਂ 90 ਪੇਟੀਆਂ ਬਰਾਮਦਗੀ 'ਚ ਪੱਟੀ ਦੇ ਸਿਰਕੱਢ ਕਾਂਗਰਸੀ ਆਗੂ ਸੇਖੋਂ ਭਰਾਵਾਂ ਨੂੰ ਨਾਮਜ਼ਦ ਕਰਨ ਤੋਂ ਬਾਅਦ ਪੱਟੀ ਹਲਕੇ ਦੀ ਸਿਆਸਤ ਆਉਣ ਵਾਲੇ ਦਿਨਾਂ 'ਚ ਭੱਖ ਸਕਦੀ ਹੈ। ਕਿਉਂਕਿ ਪੁਲਿਸ ਮੁਤਾਬਕ ਜਿਨ੍ਹਾਂ ਚਾਰ ਜ਼ਿਲਿ੍ਹਆਂ ਗੁਰਦਾਸਪੁਰ, ਅੰਮਿ੍ਤਸਰ ਬਟਾਲਾ ਤੇ ਤਰਨਤਾਰਨ 'ਚ ਸ਼ਰਾਬ ਵੇਚੇ ਜਾਣ ਦਾ ਜਿਕਰ ਕੀਤਾ ਗਿਆ ਹੈ, ਉਹ ਜ਼ਹਿਰੀਲੀ ਸ਼ਰਾਬ ਕਾਂਡ 'ਚ ਵੀ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ, ਜਿਸ ਕਾਰਨ 100 ਤੋਂ ਵੱਧ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ ਤੇ ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਜਾਂਦੀ ਰਹੀ। ਇਸ ਮਾਮਲੇ ਨੂੰ ਲੈ ਕੇ ਅੰਮਿ੍ਤਸਰ ਦਿਹਾਤੀ ਜ਼ਿਲ੍ਹੇ ਦੀ ਪੁਲਿਸ ਤੇ ਆਬਕਾਰੀ ਵਿਭਾਗ ਨੇ ਤਰਨਤਾਰਨ ਦੀ ਪੁਲਿਸ ਕੋਲੋਂ ਸਹਿਯੋਗ ਮੰਗਦਿਆਂ ਜ਼ਿਲ੍ਹੇ 'ਚ ਜੋਤੀ ਸੇਖੋਂ ਤੇ ਹਰਮਨ ਸੇਖੋਂ ਦੇ ਗੁਦਾਮ 'ਚੋਂ ਗਾਇਬ ਕਰਕੇ ਤਰਨਤਾਰਨ 'ਚ ਅਣਦੱਸੀ ਥਾਂ ਤੇ ਰੱਖੀ ਸ਼ਰਾਬ ਲੱਭਣ ਦੇ ਨਾਲ ਨਾਲ ਨਾਜਾਇਜ਼ ਤੌਰ 'ਤੇ ਚਲਾਈਆਂ ਜਾ ਰਹੀਆਂ 8 ਬਰਾਂਚਾਂ ਉੱਪਰ ਕਾਰਵਾਈ ਕਰਨ ਲਈ ਲਿਖਿਆ ਹੈ।

ਦੱਸਣਾ ਬਣਦਾ ਹੈ ਕਿ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਤੇ ਆਬਕਾਰੀ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਲਵਪ੍ਰਰੀਤ ਸਿੰਘ, ਕਰਨਪ੍ਰਰੀਤ ਸਿੰਘ, ਪਹਿਲਜੀਤ ਸਿੰਘ, ਬਲਜਿੰਦਰ ਸਿੰਘ ਤੇ ਲਵਪ੍ਰਰੀਤ ਸਿੰਘ ਨੂੰ ਅਰੁਣਾਚਲ ਪ੍ਰਦੇਸ਼ ਤੋਂ ਲਿਆਂਦੀ 90 ਪੇਟੀਆਂ ਸ਼ਰਾਬ, ਛੋਟਾ ਹਾਥੀ ਤੇ ਦੋ ਕਾਰਾਂ ਸਮੇਤ ਕਾਬੂ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ 'ਚ ਪੱਟੀ ਦੇ ਹਰਮਨ ਸੇਖੋਂ ਤੇ ਸਰਪ੍ਰਰੀਤ ਸਿੰਘ ਸੇਖੋਂ ਦਾ ਨਾਂ ਸਾਹਮਣੇ ਆਇਆ। ਹਲਕਾ ਪੱਟੀ ਅੰਦਰ ਸ਼ਰਾਬ ਦੇ ਕਾਰੋਬਾਰੀ ਉਕਤ ਭਰਾਵਾਂ ਬਾਰੇ ਖੁਲਾਸੇ ਕਰਦਿਆਂ ਪੁਲਿਸ ਨੇ ਦੱਸਿਆ ਕਿ ਬਾਹਰੀ ਰਾਜਾਂ ਤੋਂ ਸ਼ਰਾਬ ਲਿਆ ਕੇ ਚੰਡੀਗੜ੍ਹ ਰੱਖਦੇ ਹਨ, ਜਿਥੋਂ ਇਹ ਲੋਕ ਵੱਖ-ਵੱਖ ਸ਼ਹਿਰਾਂ ਨੂੰ ਸਪਲਾਈ ਕਰਦੇ ਸਨ। ਮੁਲਜ਼ਮਾਂ ਦੇ ਘਰ ਛਾਪੇਮਾਰੀ ਕਰਨ 'ਤੇ ਭਾਂਵੇ ਪੁਲਿਸ ਦੇ ਹੱਥ ਸ਼ਰਾਬ ਨਹੀਂ ਲੱਗੀ ਪਰ ਮੌਕੇ ਤੋਂ ਖਾਲੀ ਬੋਤਲਾਂ ਤੇ ਲੇਬਲ ਬਰਾਮਦ ਕਰਨ ਦੀ ਗੱਲ ਪੁਲਿਸ ਵੱਲੋਂ ਕਹੀ ਜਾ ਰਹੀ ਹੈ। ਜਿਕਰਯੋਗ ਹੈ ਕਿ ਉਕਤ ਸੇਖੋਂ ਭਰਾ ਕਾਂਗਰਸ ਪਾਰਟੀ 'ਚ ਚੰਗਾ ਦਬਦਬਾ ਰੱਖਦੇ ਹਨ ਤੇ ਹਲਕਾ ਪੱਟੀ ਤੋ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ 'ਚ ਇਨ੍ਹਾਂ ਦਾ ਅਹਿਮ ਰੋਲ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਸੱਤਾਧਾਰੀ ਪਾਰਟੀ ਨਾਲ ਸਬੰਧਤ ਉਕਤ ਲੋਕਾਂ ਦੇ ਤਰਨਤਾਰਨ ਜ਼ਿਲ੍ਹੇ 'ਚ ਗੁਦਾਮਾਂ ਜਾਂ ਫਿਰ ਨਾਜਾਇਜ਼ ਬਰਾਂਚਾਂ 'ਤੇ ਕੀ ਕਾਰਵਾਈ ਹੁੰਦੀ ਹੈ? ਇਸ ਸਬੰਧੀ ਤਰਨਤਾਰਨ ਦੇ ਐੱਸਐੱਸਪੀ ਧਰੂਮਨ ਐੱਚ ਨਿੰਬਲੇ ਨੇ ਕਿਹਾ ਆਬਕਾਰੀ ਵਿਭਾਗ ਦੇ ਡੀਈਟੀਸੀ ਦੀ ਰਿਪੋਰਟ ਮੁਤਾਬਕ ਸ਼ਰਾਬ ਦੀਆਂ 8 ਬਰਾਂਚਾਂ ਸਰਕਾਰ ਦੀ ਕਸੌਟੀ 'ਤੇ ਖਰ੍ਹੀਆਂ ਉੱਤਰ ਰਹੀਆਂ ਹਨ। ਬਾਕੀ ਲੁਕੋ ਕੇ ਰੱਖੀ ਗਈ ਸ਼ਰਾਬ ਸਬੰਧੀ ਤਫਤੀਸ਼ ਜਾਰੀ ਹੈ ਤੇ ਤਰਨਤਾਰਨ ਜਾਂ ਕਿਤੇ ਹੋਰ ਗੁਦਾਮ ਹੈ ਤਾਂ ਉਸ ਦਾ ਵੀ ਪਤਾ ਲਗਾਇਆ ਜਾਵੇਗਾ।