ਸਟਾਫ ਰਿਪੋਟਰ, ਤਰਨਤਾਰਨ : ਵਿਦਿਆਰਥੀਆਂ ਅੰਦਰ ਦਿ੍ਸ਼ਟੀਕੋਣ ਪੈਦਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ 'ਰਾਸ਼ਟਰੀ ਅਵਿਸ਼ਕਾਰ ਅਭਿਆਨ' ਤਹਿਤ 23 ਤੋਂ 28 ਨਵੰਬਰ ਤਕ ਪ੍ਰਦਰਸ਼ਨੀਆਂ ਦਾ ਬਲਾਕ, ਜ਼ਿਲ੍ਹਾ ਤੇ ਸਟੇਟ ਪੱਧਰ ਤੇ ਆਨਲਾਈਨ, ਆਫਲਾਈਨ ਪ੍ਰਬੰਧ ਕੀਤਾ ਜਾ ਰਿਹਾ ਹੈ।

ਸਤਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ (ਸੈ) ਤਰਨਤਾਰਨ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਇੰਨ੍ਹਾਂ ਪ੍ਰਦਰਸ਼ਨੀਆਂ ਦੇ ਵੱਖ-ਵੱਖ ਪੱਧਰਾਂ 'ਤੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਡੀਈਓ ਨੇ ਦੱਸਿਆ ਇਹ ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰ 'ਤੇ ਛੇਵੀਂ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ 23 ਨਵੰਬਰ ਨੂੰ ਤੇ ਨੌਵੀਂ ਤੋਂ ਦਸਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ 24 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਬਲਾਕ ਪੱਧਰ 'ਤੇ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1500 ਰੁਪਏ, ਦੂਸਰਾ ਸਥਾਨ ਪ੍ਰਰਾਪਤ ਕਰਨ ਵਾਲੇ ਨੂੰ 1000 ਰੁਪਏ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 500 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਜ਼ਿਲ੍ਹਾ ਪੱਧਰ 'ਤੇ ਇਹ ਪ੍ਰਦਰਸ਼ਨੀ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ 25 ਨਵੰਬਰ ਨੂੰ ਤੇ ਨੌਵੀਂ ਤੋਂ ਦਸਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ 26 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਏ, ਦੂਸਰਾ ਸਥਾਨ ਹਾਸਲ ਕਰਨ ਵਾਲੇ ਨੂੰ 1500 ਰੁਪਏ ਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਨੂੰ 1000 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਰਾਜ ਪੱਧਰ ਤੇ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤਕ ਦੇ ਲਈ 27 ਨਵੰਬਰ ਨੂੰ ਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਲਈ 28 ਨਵੰਬਰ ਨੂੰ ਕੀਤਾ ਜਾਵੇਗਾ। ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲੇ ਨੂੰ 5100 ਰੁਪਏ, ਦੂਜਾ ਸਥਾਨ ਪ੍ਰਰਾਪਤ ਕਰਨ ਵਾਲੇ ਨੂੰ 3100 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 2100 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਇਸ ਵਿਗਿਆਨ ਪ੍ਰਦਰਸ਼ਨੀ ਦਾ ਪ੍ਰਬੰਧਕੀ ਖਰਚਾ ਬਲਾਕ ਪੱਧਰ ਤੇ ਪ੍ਰਤੀ ਬਲਾਕ 1000 ਰੁਪਏ, ਜ਼ਿਲ੍ਹੇ ਪੱਧਰ ਤੇ ਪ੍ਰਦਰਸ਼ਨੀ ਦਾ ਪ੍ਰਬੰਧ ਕਰਨ ਲਈ 2900 ਰੁਪਏ ਤੇ ਸਟੇਟ ਪੱਧਰ ਤੇ ਪ੍ਰਦਰਸ਼ਨੀ ਲਈ 12 ਹਜ਼ਾਰ 700 ਰੁਪਏ ਦੀ ਰਾਸ਼ੀ ਸਿੱਖਿਆ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ।

ਸਤਨਾਮ ਸਿੰਘ ਬਾਠ ਨੇ ਦੱਸਿਆ ਵਿਗਿਆਨ ਪ੍ਰਦਰਸ਼ਨੀ 'ਚ ਭਾਗ ਲੈਣ ਲਈ ਸਕੂਲ ਪੱਧਰ 'ਤੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸਬੰਧਤ ਬੀਐੱਮ ਵਿਗਿਆਨ ਨੂੰ ਭੇਜਣਗੇ। ਬੀਐੱਮ ਵਿਗਿਆਨ ਤੇ ਜੱਜ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਬਲਾਕ ਪੱਧਰ 'ਤੇ ਪਹਿਲੀ, ਦੂਜੀ ਤੇ ਤੀਜੀ ਦਰਜਾ ਕੱਢਣਗੇ। ਬਲਾਕ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸਬੰਧਤ ਬੀਐੱਮ ਨੂੰ ਭੇਜਣਗੇ। ਡੀਐੱਮ, ਬੀਐੱਮ ਵਿਗਿਆਨ ਤੇ ਜੱਜ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਜ਼ਿਲ੍ਹੇ 'ਚੋਂ ਪਹਿਲੀ, ਦੂਜੀ ਤੇ ਤੀਜੀ ਪਜੀਸ਼ਨ ਕੱਢਣਗੇ।

ਜ਼ਿਲ੍ਹਾ ਪਧਰੀ ਪ੍ਰਦਰਸ਼ਨੀ 'ਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਮਾਡਲ ਤਿਆਰ ਕਰ ਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸਬੰਧਤ ਡੀਐੱਮ ਨੂੰ ਭੇਜਣਗੇ। ਡੀਐੱਮ ਵਿਗਿਆਨ ਤੇ ਜੱਜਮੈਂਟ ਟੀਮ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਸਟੇਟ 'ਚੋਂ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਕੱਢਣਗੇ। ਸਾਰੇ ਮੁਕਾਬਲਿਆਂ 'ਚ ਲੋੜ ਪੈਣ 'ਤੇ ਸਬੰਧਤ ਸਕੂਲ ਦੇ ਅਧਿਆਪਕ ਜ਼ੂਮ ਐਪ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।