ਜਸਪਾਲ ਸਿੰਘ ਜੱਸੀ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਅਕਾਲੀ ਦਲ ਨਗਰ ਕੌਂਸਲ ਚੋਣਾਂ ਲੜਨ ਲਈ ਤਿਆਰ ਬਰ ਤਿਆਰ ਹੈ। ਜੋ ਡਿਊਟੀ ਪਾਰਟੀ ਹਾਈ ਕਮਾਂਡ ਵੱਲੋਂ ਲਾਈ ਜਾਵੇਗੀ, ਉਸ ਨੂੰ ਸਾਬਕਾ ਵਿਧਾਇਕ ਸੰਧੂ ਦੀ ਅਗਵਾਈ ਹੇਠ ਤਨਦੇਹੀ ਨਾਲ ਨਿਭਾਅ ਕੇ ਸ਼ਹਿਰ ਵਾਸੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਬਲਜੀਤ ਸਿੰਘ ਗਿੱਲ ਨੇ ਕੀਤਾ ਹੈ।

ਤਰਨਤਾਰਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਤੋਂ ਇਲਾਵਾ ਵੱਖ-ਵੱਖ ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ, ਸਰਬਜੀਤ ਸਿੰਘ ਲਾਲੀ, ਸਰਬਜੀਤ ਸਿੰਘ ਭੁੱਲਰ, ਯਾਦਵਿੰਦਰ ਸਿੰਘ ਯਾਦੂ, ਕਵਲਜੀਤ ਸਿੰਘ ਮੁਰਾਦਪੁਰ ਦੀ ਮੌਜੂਦਗੀ ਵਿਚ ਬਲਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਤਰਨਤਾਰਨ ਦਾ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵਿਕਾਸ ਹਰਮੀਤ ਸਿੰਘ ਸੰਧੂ ਨੇ ਦਸ ਸਾਲਾਂ ਦੌਰਾਨ ਕਰਵਾਇਆ, ਉਹ ਪਿਛਲੇ 70 ਸਾਲ ਤੋਂ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਸ਼ਹਿਰ ਦੇ ਹਰ ਗਲੀ, ਬਾਜ਼ਾਰ ਵਿਚੋਂ ਨਾਲੀਆਂ ਨੂੰ ਬੰਦ ਕਰਕੇ ਦੀਵਾਰ ਤੋਂ ਦੀਵਾਰ ਤਕ ਸੜਕਾਂ ਦਾ ਨਿਰਮਾਣ, ਸ਼ਹਿਰ ਦੀ ਮੁੱਖ ਸੜਕ ਨੂੰ ਚਾਰ ਮਾਰਗੀ ਬਣਾ ਕੇ ਗਰੀਨ ਬੈਲਟ ਸਥਾਪਤ ਕਰਨਾ, ਕਈ ਪਾਰਕਾਂ ਦੇ ਨਿਰਮਾਣ ਸ਼ੁਰੂ ਕਰਵਾਉਣਾ, ਨਗਰ ਕੌਂਸਲ ਦੀ ਨਵੀਂ ਇਮਾਰਤ ਦੀ ਉਸਾਰੀ ਹੋਵੇ ਜਾਂ ਫਿਰ ਗਾਂਧੀ ਪਾਰਕ ਦੀ ਨੁਹਾਰ ਬਦਲਣਾ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਰਮੀਤ ਸਿੰਘ ਸੰਧੂ ਨੇ ਕਰਵਾਇਆ ਤੇ ਲੋਕ ਅੱਜ ਇਨ੍ਹਾਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।

ਉਨ੍ਹਾਂ ਕਿਹਾ ਇਸੇ ਵਿਕਾਸ ਦੇ ਆਧਾਰ 'ਤੇ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਲੜੇਗਾ ਤੇ ਸ਼ਹਿਰ ਵਾਸੀ ਇਕ ਵਾਰ ਫਿਰ ਤੋਂ ਹਰਮੀਤ ਸਿੰਘ ਸੰਧੂ ਦੇ ਹੱਥ ਮਜਬੂਤ ਕਰਨਗੇ। ਉਨ੍ਹਾਂ ਕਿਹਾ ਨਗਰ ਕੌਂਸਲ ਚੋਣਾਂ ਲੜਨ ਸਬੰਧੀ ਯੋਜਨਾ ਬਣਾਉਣ ਵਾਸਤੇ ਹਰਮੀਤ ਸਿੰਘ ਸੰਧੂ ਵੱਲੋਂ ਜਿਥੇ ਮੀਟਿੰਗਾਂ ਕੀਤੀਆਂ ਗਈਆਂ ਹਨ। ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਇਨ੍ਹਾਂ ਚੋਣਾਂ ਨੂੰ ਲੜਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।