ਜਸਪਾਲ ਸਿੰਘ ਜੱਸੀ, ਤਰਨਤਾਰਨ : ਸ਼ਹਿਰ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 12 ਨਵੇਂ ਮਰੀਜ਼ ਮਿਲੇ ਹਨ। ਹਾਲਾਂਕਿ ਕੋਵਿਡ-19 ਦੀ ਜਾਂਚ ਲਈ ਅੰਮਿ੍ਤਸਰ ਭੇਜੇ ਗਏ 1260 ਸੈਂਪਲਾਂ 'ਚੋਂ 1248 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੀਤੇ ਗਏ 157 ਰੈਪਿਡ ਐਂਟੀਜਨ ਟੈਸਟਾਂ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ ਹੈ। ਜਦਕਿ ਤਰਨਤਾਰਨ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਅੱਜ 935 ਹੋਰ ਸੈਂਪਲ ਲਏ ਗਏ ਹਨ।

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਦੱਸਿਆ ਇਸ ਸਮੇਂ ਜ਼ਿਲ੍ਹੇ 'ਚ ਕੋਵਿਡ 19 ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 87 ਰਹਿ ਗਈ ਹੈ, ਜਿੰਨ੍ਹਾਂ 'ਚੋਂ 1 ਵਿਅਕਤੀ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਹੈ। ਇਸ ਤੋਂ ਇਲਾਵਾ 60 ਵਿਅਕਤੀਆਂ ਨੂੰ ਘਰਾਂ ਚ ਕੁਆਰੰਟੀਨ ਕੀਤਾ ਗਿਆ ਹੈ, 4 ਵਿਅਕਤੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤੇ 02 ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਆਪਣਾ ਇਲਾਜ ਕਰਵਾ ਰਹੇ ਹਨ। ਜਦਕਿ 7 ਵਿਅਕਤੀ ਹੋਰਨਾਂ ਜ਼ਿਲਿ੍ਹਆਂ ਵਿਚ ਇਲਾਜ ਅਧੀਨ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਹੁਣ ਤਕ ਕੋਰੋਨਾ ਵਾਇਰਸ ਤੋਂ ਪੀੜਤ 1822 ਵਿਅਕਤੀ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਆਰਟੀਪੀਸੀ ਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ 68 ਹਜ਼ਾਰ 188 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 64 ਹਜ਼ਾਰ 963 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ ਵਿਚ ਹੁਣ 1993 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ 832 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।