- ਨਸ਼ਾ ਛੁਡਾਉਣ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਹਜ਼ਾਰ ਗੋਲ਼ੀਆਂ ਚੋਰੀ

ਜਸਪਾਲ ਸਿੰਘ ਜੱਸੀ, ਤਰਨਤਾਰਨ : ਸਥਾਨਕ ਸਿਵਲ ਹਸਪਤਾਲ 'ਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਦਵਾਈ ਦੇਣ ਵਾਸਤੇ ਬਣਾਏ ਗਏ ਓਐੱਸਟੀ ਸੈਂਟਰ ਨੂੰ ਚੋਰਾਂ ਨੇ ਨਿਸ਼ਾਨ ਬਣਾਇਆ ਹੈ। ਉਕਤ ਸੈਂਟਰ ਦੀ ਪਿੱਛੇ ਗਲੀ ਵੱਲ ਲੱਗਦੀ ਖਿੜਕੀ ਨੂੰ ਤੋੜ ਕੇ ਚੋਰ ਨਸ਼ਾ ਛੱਡਣ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਹਜ਼ਾਰ ਗੋਲੀਆਂ ਚੋਰੀ ਕਰਕੇ ਲੈ ਗਏ। ਇਹ ਘਟਨਾ ਬੇਸ਼ੱਕ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ ਪਰ ਚੋਰ ਦਾ ਮੁੰਹ ਢੱਕਿਆ ਹੋਣ ਕਰਕੇ ਹਾਲੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ।

ਓਐੱਸਟੀ ਸੈਂਟਰ ਤਰਨਤਾਰਨ ਦੇ ਮੈਡੀਕਲ ਅਫਸਰ ਅਮਨਪ੍ਰਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੋਮਵਾਰ ਨੂੰ ਜਦੋਂ ਸੈਂਟਰ ਖੋਲਿ੍ਹਆ ਤਾਂ ਉਸ ਦੇ ਦਵਾਈ ਵਾਲੇ ਕਮਰੇ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਸਨ। ਜਦਕਿ ਕਮਰੇ 'ਚ ਪਈ ਦਵਾਈਆਂ ਵਾਲੀ ਅਲਮਾਰੀ ਵੀ ਟੁੱਟੀ ਮਿਲੀ। ਸੈਂਟਰ ਵਿਚ ਲੱਗੇ ਸੀਸੀਟੀਵੀ ਕੈਮਰੇ ਵੇਖਣ 'ਤੇ ਪਤਾ ਲੱਗਾ ਕਿ ਸਵੇਰੇ ਕਰੀਬ ਸੱਤ ਵਜੇ ਇਕ ਚੋਰ ਅੰਦਰ ਦਾਖਲ ਹੋਇਆ ਸੀ ਜੋ ਅਲਮਾਰੀ ਵਿਚੋਂ ਨਸ਼ਾ ਛੱਡਣ ਲਈ ਵਰਤੀ ਜਾਣ ਵਾਲੀ ਦਵਾਈ ਚੋਰੀ ਕਰ ਕੇ ਲੈ ਗਿਆ। ਉਨ੍ਹਾਂ ਦੱਸਿਆ ਜਾਂਚ ਕਰਨ 'ਤੇ ਤਿੰਨ ਹਜਾਰ ਗੋਲੀਆਂ ਚੋਰੀ ਹੋਣ ਦਾ ਪਤਾ ਲੱਗਾ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਤਰਨਤਾਰਨ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਸ਼ਾ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਚੋਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਸੀਸੀਟੀਵੀ ਕੈਮਰੇ ਵਿਚ ਕੈਦ ਹੋਏ ਚੋਰ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਹੈ ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਫਿਰ ਵੀ ਉਸ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਚੋਰੀ ਹੋਈਆਂ ਗੋਲੀਆਂ ਕਈ ਤਰ੍ਹਾਂ ਦੇ ਨਸ਼ੇ ਛੱਡਣ ਲਈ ਵਰਤੀਆਂ ਜਾਂਦੀਆਂ ਹਨ ਤੇ ਓਐੱਸਟੀ ਸੈਂਟਰ 'ਤੇ ਰਜਿਸਟਰਡ ਸੈਂਕੜੇ ਲੋਕ ਰੋਜਾਨਾ ਕਤਾਰ ਵਿਚ ਲੱਗ ਕੇ ਦਵਾਈ ਲੈਣ ਲਈ ਇਥੇ ਜੁੜਦੇ ਹਨ।