ਜਸਪਾਲ ਸਿੰਘ ਜੱਸੀ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਹਲਕੇ ਵਿਚ ਪੂਰੀ ਤਰ੍ਹਾਂ ਮਜਬੂਤ ਹੈ ਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਕਾਲੀ ਦਲ ਪੂਰੇ ਉਤਸ਼ਾਹ ਨਾਲ ਲੜਨ ਲਈ ਤਿਆਰ ਹੈ।

ਇਹ ਪ੍ਰਗਟਾਵਾ ਸ਼੍ਰੋਮÎਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਤਰਨਤਾਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਹੈ। ਉਹ ਸੋਮਵਾਰ ਨੂੰ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੋਂ ਇਲਾਵਾ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨਾਲ ਮੀਟਿੰਗ ਕਰ ਰਹੇ ਸਨ।

ਮੀਟਿੰਗ ਉਪਰੰਤ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿਚ ਕਾਂਗਰਸ ਸਰਕਾਰ ਹੈ ਪਰ ਅਕਾਲੀ ਦਲ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਤਰਨਤਾਰਨ ਹਲਕੇ ਦੇ ਇਕੋ ਇਕ ਸ਼ਹਿਰ ਤਰਨਤਾਰਨ ਦੀਆਂ 23 ਵਾਰਡਾਂ ਵਿਚ ਅਕਾਲੀ ਦਲ ਪੂਰੇ ਉਤਸ਼ਾਹ ਨਾਲ ਚੋਣ ਲੜੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਵਾਰਡਾਂ ਵਿਚ ਪਾਰਟੀ ਦੇ ਜੇਤੂ ਉਮੀਦਵਾਰ ਮੌਜੂਦ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਸ ਚੱਲੀ ਸਰਕਾਰ ਦੌਰਾਨ ਕਰਵਾਏ ਗਏ ਵਿਕਾਸ ਦੇ ਚੱਲਦਿਆਂ ਜਨਤਾ ਦੀ ਕਚਹਿਰੀ ਵਿਚ ਉਮੀਦਵਾਰ ਉਤਾਰੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਤਰਨਤਾਰਨ ਹਲਕਾ ਉਨ੍ਹਾਂ ਦੇ ਪਰਿਵਾਰ ਵਰਗਾ ਹੈ ਅਤੇ ਉਹ ਇਸਦੇ ਸੇਵਾਦਾਰ ਬਣਕੇ ਕੰਮ ਕਰਦੇ ਰਹਿਣਗੇ। ਇਸ ਮੌਕੇ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ, ਕੌਂਸਲਰ ਸਰਬਜੀਤ ਸਿੰਘ ਲਾਲੀ, ਸਰਬਰਿੰਦਰ ਸਿੰਘ ਭਰੋਵਾਲ, ਨਵਰੂਪ ਸਿੰਘ ਸੰਧਾਵਾਲੀਆ, ਯਾਦਵਿੰਦਰ ਸਿੰਘ ਯਾਦੂ, ਸਰਬਜੀਤ ਸਿੰਘ ਭੁੱਲਰ, ਕਵਲਜੀਤ ਸਿੰਘ ਮੁਰਾਦਪੁਰ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਵੱਲੋਂ ਲਗਾਈ ਗਈ ਹਰ ਡਿਊਟੀ ਨੂੰ ਤਨਦੇਹੀ ਨਾਲ ਪੂਰਾ ਕੀਤਾ ਜਾਵੇਗਾ।