ਪੱਤਰ ਪ੍ਰਰੇਰਕ, ਤਰਨਤਾਰਨ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਨੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ 'ਚ ਅੰਮਿ੍ਤਸਰ ਬਠਿੰਡਾ ਨੈਸ਼ਨਲ ਹਾਈਵੇ ਜੰਡਿਆਲਾ ਬਾਈਪਾਸ 'ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

ਇਸ ਮੌਕੇ ਮੁਲਾਜ਼ਮ ਆਗੂਆਂ ਨੇ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪਨਬਸ ਯੂਨੀਅਨ ਦੇ ਸੂਬਾ ਚੇਅਰਮੈਨ ਸਲਵਿੰਦਰ ਸਿੰਘ ਨੇ ਕਿਹਾ ਇਕ ਪਾਸੇ ਸਰਕਾਰ ਇਕ ਲੱਖ ਨੌਕਰੀ ਦੇਣ ਦੇ ਬਿਆਨ ਜਾਰੀ ਕਰ ਰਹੀ ਹੈ। ਪਰ ਦੂਜੇ ਪਾਸੇ ਸਮੂਹ ਵਿਭਾਗਾਂ ਵਿਚੋਂ ਪੁਨਰਗਠਨ ਕਰਨ ਦੇ ਨਾਂ 'ਤੇ ਵੱਡੇ ਪੱਧਰ 'ਤੇ ਅਸਾਮੀਆਂ ਦਾ ਖਾਤਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਠੇਕਾ ਮੁਲਾਜ਼ਮਾਂ ਵੱਲੋਂ ਮੋਰਚੇ ਦੀ ਅਗਵਾਈ ਹੇਠ ਕੀਤੇ ਜਾ ਰਹੇ ਸੰਘਰਸ਼ਾਂ ਦੀ ਬਦੌਲਤ ਅਕਾਲੀ ਭਾਜਪਾ ਸਰਕਾਰ ਵੱਲੋਂ 'ਵੈੱਲਫੇਅਰ ਐਕਟ 2016 ਨੂੰ ਤੋੜ ਕੇ 'ਵੈੱਲਫੇਅਰ ਐਕਟ 2020 ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਆਉਟਸੋਰਸਿੰਗ ਤੇ ਠੇਕਾ ਪ੍ਰਣਾਲੀ ਆਦਿ ਕੈਟਾਗਰੀਆਂ ਨੂੰ ਐਕਟ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ। ਜਦੋਂਕਿ ਸਰਕਾਰੀ ਵਿਭਾਗਾਂ 'ਚ ਪਿਛਲੇ 20 ਸਾਲਾਂ ਤੋਂ ਮੁਲਾਜ਼ਮ ਠੇਕੇ 'ਤੇ ਕੰਮ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਣਦੇਖਾ ਕੀਤਾ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ ਸਮੇਤ ਨਵੇਂ ਕਿਰਤ ਕਾਨੂੰਨ ਲੋਕਾਂ ਦੇ ਸਿਰ ਧੱਕੇ ਨਾਲ ਮੜੇ ਜਾ ਰਹੇ ਹਨ। ਮੁਲਾਜ਼ਮਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀ ਬਜਾਏ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਵਿਭਾਗਾਂ 'ਚ ਪੁਨਰਗਠਨ ਤੇ ਨਿੱਜੀਕਰਨ ਦੀ ਨੀਤੀ ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ 8 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬੇ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ, ਜਿਸ 'ਚ ਅਗਲੇ ਸੰਘਰਸ਼ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ, ਜਨਰਲ ਸੈਕਟਰੀ ਸਤਨਾਮ ਸਿੰਘ, ਸਰਪ੍ਰਸਤ ਵਜੀਰ ਸਿੰਘ ਕੈਰੋਂ, ਚੇਅਰਮੈਨ ਵੀਰਮ ਸਿੰਘ ਜੰਡ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ, ਕੈਸ਼ੀਅਰ ਸਤਨਾਮ ਸਿੰਘ ਪੱਟੀ, ਗੁਰਵੇਲ ਸਿੰਘ, ਸਤਨਾਮ ਸਿੰਘ ਤੁੜ, ਨਿਰਭਰ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਬਾਠ, ਪਰਮਜੀਤ ਸਿੰਘ, ਕੁਲਦੀਪ ਸਿੰਘ ਵਿਰਕ, ਗੁਰਵਿੰਦਰ ਸਿੰਘ ਬਾਠ, ਦਿਲਬਾਗ ਸਿੰਘ ਕੰਗ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।