ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਿੰਡ ਪੂਹਲਾ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਦਾ ਮੁੱਦਾ 'ਪੰਜਾਬੀ ਜਾਗਰਣ' ਵੱਲੋਂ ਬੀਤੇ ਸਮੇਂ 'ਚ ਪ੍ਰਮੁੱਖਤਾ ਨਾਲ ਉਠਾ ਕੇ ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਨੂੰ ਲੋਕਾਂ ਦੀ ਮੁਸ਼ਕਲ ਤੋਂ ਜਾਣੂ ਕਰਵਾਇਆ ਗਿਆ। ਅੱਜ ਖ਼ਬਰ ਦਾ ਅਸਰ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਸੜਕ ਨਵ ਨਿਰਮਾਣ ਨੂੰ ਅੰਤਿਮ ਛੋਹਾਂ ਦਿੱਤੀਆ ਜਾ ਰਹੀਆਂ ਸਨ।

ਦੱਸਣਯੋਗ ਹੈ ਕਿ 9 ਅਕਤੂਬਰ ਨੂੰ ਪਿੰਡ ਪੂਹਲਾ ਦੇ ਗੁਰਦੁਆਰਾ ਸਾਹਿਬ 'ਚ ਭਾਈ ਤਾਰੂ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ ਮਨਾਈ ਗਈ ਸੀ, ਜਿਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰ ਖ਼ਬਰ ਪ੍ਰਕਾਸ਼ਿਤ ਕਰਵਾ ਕੇ ਪ੍ਰਸ਼ਾਸਨ ਨੂੰ ਸੜਕ ਨੂੰ ਬਣਾਉਣ ਦੀ ਅਪੀਲ ਕੀਤੀ ਗਈ ਸੀ। ਆਖਰ ਅੱਜ ਗੂੜੀ ਨੀਂਦ ਤੋਂ ਜਾਗੇ ਵਿਭਾਗ ਵੱਲੋਂ ਖਸਤਾ ਹਾਲਤ ਸੜਕ ਉੱਪਰ ਲੁੱਕ ਪਾ ਕੇ ਲੋਕਾਂ ਦੀ ਮੁਸ਼ਕਲ ਨੂੰ ਹੱਲ ਕਰ ਦਿੱਤਾ ਗਿਆ। ਵੇਖਣਯੋਗ ਹੈ ਕਿ ਪੰਜਾਬ ਸਰਕਾਰ ਇਸ ਸੜਕ ਨੂੰ ਬਣਾਉਣ ਤੋਂ ਬਾਅਦ ਦੂਸਰੀਆਂ ਖਸਤਾ ਹਾਲ ਸੜਕਾਂ ਦੇ ਨਿਰਮਾਣ ਕਾਰਜਾਂ ਵੱਲ ਵੀ ਧਿਆਨ ਦੇਵੇਗੀ ਜਾਂ ਨਹੀਂ।