ਰਵੀ ਖਹਿਰਾ, ਖਡੁਰ ਸਾਹਿਬ : ਪਿੰਡ ਫਤਹਿਪੁਰ ਬਦੇਸ਼ਾ ਵਿਖੇ ਮਾਤਾ ਕਸ਼ਮੀਰ ਕੌਰ ਦੀ ਯਾਦ 'ਚ ਮਿੰਨੀ ਜੰਗਲ ਲਾਇਆ ਗਿਆ। ਕਾਰ ਸੇਵਾ ਖਡੂਰ ਸਾਹਿਬ ਦੀ ਜੰਗਲ ਲਗਾਉਣ ਵਾਲੀ ਟੀਮ ਦੇ ਮੁਖੀ ਭਾਈ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸ਼ਰਣਧੀਰ ਸਿੰਘ ਦੀ ਦੋ ਕਨਾਲ ਜ਼ਮੀਨ 'ਚ ਲਗਾਏ ਗਏ ਇਸ ਜੰਗਲ 'ਚ 50 ਕਿਸਮਾਂ ਦੇ 500 ਬੂਟੇ ਲਾਏ ਗਏ ਹਨ।

ਇਸ ਮੌਕੇ ਅਮਰੀਕਾ ਵੱਸਦੇ ਇਸ ਪਰਿਵਾਰ ਦੇ ਹੋਰ ਮੈਂਬਰਾਂ ਮਨਵਿੰਦਰ ਸਿੰਘ, ਤਰੁਨਦੀਪ ਸਿੰਘ, ਜ਼ੋਰਾਵਰ ਸਿੰਘ, ਬੀਬੀ ਸਿਮਰਤ ਕੌਰ ਨੇ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਮਿੰਨੀ ਜੰਗਲ ਲਗਾਏ ਜਾਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਕੱਤਰ ਸਿੰਘ, ਬਾਬੂ ਸਿੰਘ, ਘੁੱਲਾ ਸਿੰਘ ਤੇ ਹੋਰ ਸੰਗਤ ਮੌਜੂਦ ਸੀ। ਜ਼ਿਕਰਯੋਗ ਹੈ ਕਿ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਜੰਗਲ ਲਗਾਉਣ ਦੀ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਸੰਸਥਾ ਵੱਲੋਂ ਲਾਇਆ ਗਿਆ ਇਹ 71ਵਾਂ ਜੰਗਲ ਹੈ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੰਗਲ ਨਾ ਸਿਰਫ ਸਾਡੀ ਆਬੋ ਹਵਾ ਨੂੰ ਸ਼ੁੱਧ ਕਰਨਗੇ, ਸਗੋਂ ਇੰਨ੍ਹਾਂ ਨਾਲ ਪੰਛੀਆਂ ਨੂੰ ਰੈਣ ਬਸੇਰਾ ਵੀ ਮਿਲੇਗਾ।