ਬੱਲੂ ਮਹਿਤਾ, ਪੱਟੀ : ਪੰਜਾਬ ਸਰਕਾਰ ਵੱਲੋਂ ਖੇਮਕਰਨ ਪੱਟੀ ਰੋਡ 'ਤੇ ਡਿਵਾਈਡਰ ਬਣਾਏ ਜਾ ਰਹੇ ਹਨ, ਜਿਸ ਦੇ ਰੋਸ 'ਚ ਵੀਰਵਾਰ ਨੂੰ ਦੁਕਾਨਦਾਰਾਂ ਨੇ ਖੇਮਕਰਨ ਰੋਡ 'ਤੇ ਧਰਨਾ ਲਾ ਕੇ ਪ੍ਰਸ਼ਾਸਨ ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਡਿਵਾਈਡਰ ਪੈਟਰੋਲ ਪੰਪ ਤੋਂ ਪਿੱਛੇ ਬਨਾਉਣ ਦੀ ਮੰਗ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਟਹਿਲ ਸਿੰਘ, ਜਸਵੰਤ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ ਬੰਟੀ, ਦਲਜੀਤ ਸਿੰਘ ਬੇਦੀ, ਦਵਿੰਦਰ ਸਿੰਘ, ਮਨਦੀਪ ਸਿੰਘ, ਮੋਹਿਤ ਜੈਨ, ਮਲਕੀਤ ਸਿੰਘ, ਮਨਜਿੰਦਰ ਸਿੰਘ, ਨਰਿੰਦਰ ਸਿੰਘ, ਰਾਜੂ, ਸੁਖਪ੍ਰਰੀਤ ਸਿੰਘ, ਰਾਜੀਵ ਕੁਮਾਰ, ਲੁਧਿਆਣਾ ਮੋਟਰਜ਼, ਨਵ ਸੁੱਖ ਵੈਲਡਿੰਗ ਵਰਕਸ, ਜੱਗਾ ਪੇਂਟਰ, ਰੋਬਿਨ, ਮਿੰਟੂ, ਦਰਸ਼ਨ ਸਿੰਘ ਨੇ ਦੱਸਿਆ ਖੇਮਕਰਨ ਰੋਡ ਦੀ ਚੌੜ੍ਹਾਈ ਘੱਟ ਹੈ ਤੇ ਇਹ ਵਰਕਸ਼ਾਪ ਏਰੀਆ ਹੈ। ਰੋਡ 'ਤੇ ਜਿਆਦਾਤਰ ਦੁਕਾਨਾਂ ਮਕੈਨਿਕਾਂ ਦੀਆਂ ਹਨ। ਜਿਨ੍ਹਾਂ ਦੀਆਂ ਦੁਕਾਨਾਂ ਅੱਗੇ ਕੰਮ ਕਰਵਾਉਣ ਵਾਲੇ ਹਰ ਤਰ੍ਹਾਂ ਦੇ ਵਾਹਨ ਖੜ੍ਹੇ ਹੁੰਦੇ ਹਨ। ਜੇਕਰ ਰੋਡ 'ਤੇ ਡਿਵਾਈਡਰ ਬਣਾਏ ਜਾਂਦੇ ਹਨ ਤਾਂ ਰੋਡ ਤੰਗ ਹੋ ਜਾਵੇਗਾ ਤੇ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਕੋਈ ਵੀ ਵਾਹਨ ਖੜ੍ਹਾ ਨਹੀਂ ਹੋ ਸਕੇਗਾ। ਇਸ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ। ਦੁਕਾਨਦਾਰਾਂ ਨੇ ਦੱਸਿਆ ਪਹਿਲਾਂ ਹੀ ਫ਼ਸਲੀ ਸੀਜ਼ਨ ਦੌਰਾਨ ਝੋਨਾ ਲੱਦੇ ਟਰੱਕ ਘੰਟਿਆਂ ਬੱਧੀ ਇਥੇ ਖੜ੍ਹੇ ਰਹਿਕੇ ਉਨ੍ਹਾਂ ਦੇ ਕੰਮਕਾਜ ਨੂੰ ਢਾਹ ਲਾਉਂਦੇ ਹਨ। ਜੇਕਰ ਇਹ ਡਿਵਾਈਡਰ ਬਣ ਗਏ ਤਾਂ ਉਨ੍ਹਾਂ ਦੀ ਦੁਕਾਨਦਾਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਉਨ੍ਹਾਂ ਦੱਸਿਆ ਦੁਕਾਨਦਾਰਾਂ ਨੇ ਹਲਕੇ ਦੇ ਵਿਧਾਇਕ ਤੋਂ ਡਿਵਾਈਡਰ ਦੁਕਾਨਾਂ ਦੀ ਹੱਦ ਤੋਂ ਦੂਰ ਬਨਾਉਣ ਦੀ ਮੰਗ ਕੀਤੀ ਸੀ।

ਉਸ ਸਮੇਂ ਵਿਧਾਇਕ ਨੇ ਵਾਅਦਾ ਕੀਤਾ ਸੀ ਕਿ ਡਿਵਾਈਡਰ ਦੁਕਾਨਾਂ ਤੋਂ ਦੂਰ ਹੀ ਬਨਣਗੇ। ਪਰ ਠੇਕੇਦਾਰ ਵੱਲੋਂ ਜਦੋਂ ਡਿਵਾਈਡਰ ਬਨਾਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਦਿਆਂ ਧਰਨਾ ਲਾ ਦਿੱਤਾ। ਇਸ ਧਰਨੇ ਵਿਚ ਆਪ ਆਗੂ ਲਾਲਜੀਤ ਸਿੰਘ ਭੁੱਲਰ ਨੇ ਦੁਕਾਨਦਾਰਾਂ ਦੇ ਨਾਲ ਬੈਠ ਕੇ ਪ੍ਰਸ਼ਾਸਨ ਤੇ ਵਿਧਾਇਕ ਨੂੰ ਕੋਸਿਆ ਤੇ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਜਿਸ ਤਰ੍ਹਾਂ ਦੁਕਾਨਦਾਰ ਚਾਹੁਣਗੇ, ਉਹ ਉਨ੍ਹਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ਵਿਚ ਸਾਥ ਦੇਣ ਲਈ ਤਿਆਰ ਹਨ। ਇਸ ਮੌਕੇ ਥਾਣਾ ਸਿਟੀ ਪੱਟੀ ਦੇ ਮੁਖੀ ਅਜੇ ਕੁਮਾਰ ਖੁੱਲਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੇ ਸ਼ਰਮਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦਾ ਇਹ ਮਸਲਾ ਵਿਧਾਇਕ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ, ਜਿਸ ਤਰ੍ਹਾਂ ਦੁਕਾਨਦਾਰ ਕਹਿਣਗੇ ਉਸੇ ਤਰ੍ਹਾਂ ਹੀ ਡਿਵਾਈਡਰ ਬਣਾਏ ਜਾਣਗੇ। ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ। ਇਸ ਮੌਕੇ ਰਾਜ ਕੁਮਾਰ ਰਾਜੂ, ਸੋਹਨ ਲਾਲ ਸੰਧੂ, ਬਲਦੇਵ ਸਿੰਘ, ਰਾਜ ਕੁਮਾਰ ਰਾਜੂ ਵਾਲਮੀਕਿ ਸੰਗਠਨ ਆਦਿ ਹਾਜ਼ਰ ਸਨ।