ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰਜਾਬ 'ਚੋਂ ਅੱਤਵਾਦ ਨੂੰ ਖਤਮ ਕਰਨ ਵਾਸਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੜੀ ਦਲੇਰੀ ਨਾਲ ਡਿਊਟੀ ਨਿਭਾਈ ਤਾਂ ਜਾ ਕੇ ਅੱਤਵਾਦ ਦਾ ਖਾਤਮਾ ਹੋਇਆ।

ਇਸ ਲੜਾਈ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਖੇਤਰ 'ਚ ਇਕ ਡੀਆਈਜੀ ਸਣੇ 188 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣਾ ਬਲੀਦਾਨ ਦਿੱਤਾ। ਜਿਨ੍ਹਾਂ ਦੇ ਪਰਿਵਾਰਾਂ ਨੂੰ ਆਉਣ ਵਾਲੀ ਹਰ ਅੌਕੜ ਨੂੰ ਦੂਰ ਕਰਨ ਲਈ ਪੁਲਿਸ ਵਿਭਾਗ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਇਹ ਪ੍ਰਗਟਾਵਾ ਫਿਰੋਜਪੁਰ ਰੇਂਜ ਦੇ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਕੀਤਾ ਹੈ।

ਤਰਨਤਾਰਨ ਦੀ ਪੁਲਿਸ ਲਾਈਨ ਦੇ ਮੈਦਾਨ 'ਚ ਸੋਗ ਪਰੇਡ ਦਿਵਸ ਮੌਕੇ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ 21 ਅਕਤੂਬਰ 1959 ਨੂੰ ਚੀਨ ਦੀ ਫੌਜ ਵੱਲੋਂ ਹਾਟ ਸਪਰਿੰਗ (ਲੱਦਾਖ) ਵਿਖੇ ਸੀਆਰਪੀਐੱਫ ਦੇ 10 ਜਵਾਨਾਂ ਨੂੰ ਇਕ ਐਮਬੂਸ਼ ਦੌਰਾਨ ਸ਼ਹੀਦ ਕਰ ਦਿੱਤਾ ਸੀ। ਇਸ ਲਈ ਇਹ ਦਿਹਾੜਾ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸੇ ਦੌਰਾਨ ਐੱਸਐੱਸਪੀ ਧਰੂਮਨ ਐੱਚ ਨਿੰਬਲੇ ਨੇ ਦੱਸਿਆ ਤਰਨਤਾਰਨ ਜ਼ਿਲ੍ਹਾ ਅੱਤਵਾਦ ਨਾਲ ਵਧੇਰੇ ਪ੍ਰਭਾਵਿਤ ਰਿਹਾ ਹੈ। ਅੱਤਵਾਦ ਨੂੰ ਖਤਮ ਕਰਨ ਲਈ ਇਸ ਜ਼ਿਲ੍ਹੇ ਦੀ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਹੈ। ਅੱਤਵਾਦ ਵਿਰੁੱਧ ਲੜੀ ਇਸ ਲੜਾਈ ਦੌਰਾਨ ਇਕ ਡੀਆਈਜੀ, ਦੋ ਐੱਸਪੀ, ਤਿੰਨ ਸਬ ਇੰਸਪੈਕਟਰ, 17 ਏਐੱਸਆਈ, 18 ਹਵਲਦਾਰ, 56 ਸਿਪਾਹੀ, 34 ਐੱਸਪੀਓ ਤੇ 57 ਹੋਮ ਗਾਰਡ ਦੇ ਜਵਾਨਾਂ ਨੇ ਆਪਣਾ ਬਲੀਦਾਨ ਦਿੱਤਾ। ਇਨ੍ਹਾਂ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਾਰੇ ਪੈਨਸ਼ਨਰੀ ਲਾਭ ਦਿੱਤੇ ਜਾ ਚੁੱਕੇ ਹਨ ਤੇ ਹੁਣ ਦੁਬਾਰਾ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਦੀਆਂ ਵਿਸ਼ੇਸ਼ ਪੈਨਸ਼ਨਾਂ ਵੀ ਰਿਵਾਈਜ਼ ਕੀਤੀਆਂ ਗਈਆਂ ਹਨ। ਸ਼ਹੀਦ ਪਰਿਵਾਰਾਂ ਦੇ ਬੱਚੇ ਜੋ ਭਰਤੀ ਯੋਗ ਸਨ, ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਜਦੋਂ ਬੱਚੇ ਪੜ੍ਹਦੇ ਸਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਵਜੀਫਾ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ 'ਚ 169 ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰ ਰਹਿ ਰਹੇ ਹਨ। ਜਿਨ੍ਹਾਂ 'ਚ 83 ਪੁਲਿਸ ਕਰਮਚਾਰੀ, 32 ਐੱਸਪੀਓ ਤੇ 5 ਹੋਮ ਗਾਰਡ ਦੇ ਪਰਿਵਾਰ ਸ਼ਾਮਲ ਹਨ। ਐੱਸਐੱਸਪੀ ਨੇ ਦੱਸਿਆ ਸਾਰੇ ਅਧਿਕਾਰੀਆਂ ਤੇ ਥਾਣਾ ਮੁਖੀਆਂ ਨੂੰ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਸ਼ਹੀਦ ਪਰਿਵਾਰਾਂ ਦੇ ਕਿਸੇ ਵੀ ਮੈਂਬਰ ਨੂੰ ਕੋਈ ਅੌਕੜ ਪੇਸ਼ ਆਉਂਦੀ ਹੈ ਤਾਂ, ਉਸ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਦੌਰਾਨ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਗਈਆਂ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਜਦੋਂਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।