ਮਨੋਜ ਕੁਮਾਰ, ਅੰਮਿ੍ਤਸਰ : ਐਤਵਾਰ ਨੂੰ ਇਸਾਈ ਭਾਈਚਾਰੇ ਦੇ ਲੋਕਾਂ ਨੇ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਬੱਘੇਕਲਾਂ 'ਚ ਚਰਚ ਤੇ ਪਾਸਟਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਿਸ ਵੱਲੋਂ ਪਾਸਟਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਪਰਚਾ ਦਰਜ ਕਰਨ ਦੇ ਵਿਰੋਧ 'ਚ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਅੰਮਿ੍ਤਸਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਕਿ੍ਸ਼ਚਨ ਸਮਾਜ ਫਰੰਟ ਪੰਜਾਬ ਦੇ ਪ੍ਰਧਾਨ ਸੋਨੂੰ ਜਾਫਰ ਨੇ ਕਿਹਾ ਕਿ ਇਹ ਹਮਲਾ 15 ਜੁਲਾਈ ਨੂੰ ਚਰਚ 'ਚ ਹੋ ਰਹੀ ਪ੍ਰਰਾਰਥਨਾ ਸਭਾ ਦੌਰਾਨ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਸੀ ਜਿਸ ਦੌਰਾਨ ਪਾਸਟਰ ਤੇ ਉਸ ਦੇ ਪਰਿਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜੋ ਇਲਾਜ ਲਈ ਹਸਪਤਾਲ 'ਚ ਵੀ ਦਾਖ਼ਲ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ 'ਚ ਪੁਲਿਸ ਨੇ ਉਲਟਾ ਪਾਸਟਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਧੱਕੇਸ਼ਾਹੀ ਵਿਰੁੱਧ ਉਨ੍ਹਾਂ ਸ਼ਨਿਚਰਵਾਰ ਚੌਕੀ ਕੁੱਕੜਾਂ ਵਾਲਾ ਦੇ ਬਾਹਰ ਪੰਜ ਘੰਟੇ ਧਰਨਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਾਂਗਰਸੀ ਆਗੂ ਹਨ ਪਰ ਇਲਾਕੇ ਦੇ ਕਾਂਗਰਸੀ ਆਗੂਆਂ ਉਨ੍ਹਾਂ ਦੀ ਬਾਤ ਤਕ ਨਹੀਂ ਪੁੱਛੀ। ਇਸ ਕਾਰਨ ਇਨਸਾਫ਼ ਲਈ ਉਨ੍ਹਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਅੰਮਿ੍ਤਸਰ ਦੇ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਤੇ ਇਹ ਧਰਨਾ ਓਨੀ ਦੇਰ ਤਕ ਜਾਰੀ ਰਹੇਗੀ, ਜਿੰਨੀ ਦੇਰ ਨਿਆਂ ਨਹੀਂ ਮਿਲੇਗਾ। ਉਨ੍ਹਾਂ ਮੰਗ ਕੀਤੀ ਕਿ ਪਾਸਟਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਦਰਜ ਪਰਚਾ ਰੱਦ ਕਰ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੌਰਬ ਡੈਨੀਅਲ, ਪਾਸਟਰ ਰਾਜ ਮਸੀਹ, ਸੈਮੂਅਲ ਸਾਬਕਾ ਸਰਪੰਚ ਪਿੰਡ ਬਿਜੋਵਾਲ, ਹਰਪਾਲ ਮਲਕਪੁਰ, ਡੇਵਿਡ ਅਲੀਵਾਲ, ਰਾਕੇਸ਼ ਮਸੀਹ, ਲਾਡੀ ਪੀਜੇ ਆਦਿ ਮੌਜੂਦ ਸਨ।

ਇਸਾਈ ਭਾਈਚਾਰੇ ਵੱਲੋਂ ਇਹ ਧਰਨਾ ਬਾਅਦ ਦੁਪਹਿਰ 1 ਵਜੇ ਲਗਾਇਆ ਗਿਆ ਸੀ। ਸ਼ਾਮ ਕਰੀਬ 6.30 ਵਜੇ ਐੱਮਪੀ ਗੁਰਜੀਤ ਸਿੰਘ ਅੌਜਲਾ ਤੇ ਇੰਪਰੂਵਮੈਂਟ ਟਰਸੱਟ ਅੰਮਿ੍ਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਮੌਕੇ 'ਤੇ ਪੁੱਜੇ ਅਤੇ ਇਸਾਈ ਭਾਈਚਾਰੇ ਨੂੰ ਵਿਸ਼ਵਾਸ਼ ਦਿਵਾਇਆ ਕਿ ਐੱਸਐੱਸਪੀ, ਅੰਮਿ੍ਤਸਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ 'ਤੇ ਕਰੀਬ ਸਾਢੇ ਛੇ ਘੰਟੇ ਬਾਅਦ ਇਸਾਈ ਭਾਈਚਾਰੇ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ।