ਤਜਿੰਦਰ ਸਿੰਘ, ਅਟਾਰੀ : ਮੋਦੀ ਸਰਕਾਰ ਦੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਦਿੱਲੀ ਵਿਚ ਮੀਟਿੰਗ ਬੁਲਾ ਕੇ ਕਿਸਾਨ ਆਗੂਆਂ ਦਾ ਨਿਰਾਦਰ ਕਰਨ ਦੇ ਖ਼ਿਲਾਫ਼ ਸਰਹੱਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਗਏ। ਸਰਹੱਦੀ ਖੇਤਰ ਅਟਾਰੀ ਦੇ ਪਿੰਡ ਮੋਦੇ, ਧਾਰੀਵਾਲ, ਧਨੋਏ, ਰਤਨ ਖੁਰਦ, ਮੁਹਾਵਾ, ਰਾਜਾਤਾਲ, ਦਾਉਕੇ, ਲਾਹੌਰੀਮੱਲ ਆਦਿ ਪਿੰਡਾਂ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਮੁਖਤਾਰ ਸਿੰਘ ਮੁਹਾਵਾ, ਮਾਨ ਸਿੰਘ, ਹਰਪ੍ਰਰੀਤ ਸਿੰਘ ਰਾਜਾਤਾਲ, ਮੱਖਣ ਸਿੰਘ, ਗੁਰਨਾਮ ਸਿੰਘ ਦਾਊਕੇ, ਬਲਦੇਵ ਸਿੰਘ ਧਾਰੀਵਾਲ ਅਤੇ ਨਿਰਮਲ ਸਿੰਘ ਮੋਦੇ ਆਦਿ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਤਾਂ ਉਹ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣਗੇ।