ਮਨਿੰਦਰ ਸਿੰਘ ਗੋਰੀ, ਅੰਮਿ੍ਤਸਰ : ਅੰਮਿ੍ਤਸਰ ਆਰਟੀਏ ਦਫਤਰ ਆਏ ਦਿਨ ਵਿਵਾਦਾਂ ਵਿਚ ਿਘਰਿਆ ਰਹਿੰਦਾ ਹੈ। ਇਸ ਦਫਤਰ ਦੀ ਸਾਬਕਾ ਕਲਰਕ ਸਵਿੰਦਰ ਕੌਰ ਦਾ ਕਾਰਨਾਮਾ ਸਾਹਮਣੇ ਆਇਆ ਹੈ। ਸਾਬਕਾ ਕਲਰਕ ਸਵਿੰਦਰ ਕੌਰ ਵੱਲੋਂ 01-04-2011 ਤੋਂ 31-03-2012 ਤੱਕ ਦੀਆਂ ਗੱਡੀਆਂ ਰਜਿਸਟਰ ਕੀਤੀਆਂ ਗਈਆਂ ਤੇ ਗੱਡੀਆਂ ਦੇ ਬਣਦੇ ਟੈਕਸ 'ਚੋਂ 1517497 ਰੁਪਏ ਦਾ ਟੈਕਸ ਘੱਟ ਜਮ੍ਹਾ ਕਰਵਾ ਕੇ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਇਆ ਹੈ।

ਇਸ ਮਾਮਲੇ ਵਿਚ ਸਟੇਟ ਵਿਭਾਗ ਨੇ ਕਾਰਵਾਈ ਕਰਦਿਆਂ ਸਾਬਕਾ ਕਲਰਕ ਨੂੰ ਚਾਰਜਸ਼ੀਟ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਟੇਟ ਵਿਭਾਗ ਨੇ ਸਾਬਕਾ ਕਲਰਕ ਸਵਿੰਦਰ ਕੌਰ ਨੂੰ 03-07-2020 ਨੂੰ 21 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਇਕ ਮੈਮੋਰੰਡਮ ਭੇਜਿਆ ਗਿਆ ਸੀ, ਜਿਸ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਸਫਾਈ ਪੇਸ਼ ਕਰਨ ਲਈ ਉਹ ਦਫਤਰੀ ਰਿਕਾਰਡ ਨੂੰ ਦੇਖਣਾ ਚਾਹੁੰਦੀ ਹੈ ਤਾਂ ਅਗੇਤੀ ਮਨਜ਼ੂਰੀ ਲੈ ਕੇ ਆਰਟੀਏ ਦਫਤਰ ਅੰਮਿ੍ਤਸਰ ਵਿਖੇ ਦਫਤਰੀ ਸਮੇਂ ਦੌਰਾਨ ਹਾਜ਼ਰ ਹੋ ਕੇ ਦੇਖ ਸਕਦੀ ਹੈ ਪਰ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਦਸਤਾਵੇਜ ਦਿਖਾਏ ਜਾਣਗੇ ਜਿੰਨ੍ਹਾਂ ਦਾ ਦੋਸ਼ਾਂ ਨਾਲ ਸਬੰਧ ਹੋਵੇਗਾ। ਇਸ ਵਿਚ ਇਹ ਵੀ ਲਿਖਿਆ ਸੀ ਕਿ ਸਵਿੰਦਰ ਕੌਰ ਜੇਕਰ ਨਿਸ਼ਚਿਤ ਸਮੇਂ ਤੇ ਜਵਾਬ ਨਹੀਂ ਦਿੰਦੀ ਤਾਂ ਐੱਸਟੀਸੀ ਦਫਤਰ ਪੰਜਾਬ ਸਿਵਿਲ ਸਰਵਿਸਜ਼ ਰੂਲ 1970 ਦੇ ਰੂਲ 8 ਤਹਿਤ ਕਾਰਵਾਈ ਕਰੇਗਾ। ਕਲਰਕ ਸਵਿੰਦਰ ਕੌਰ ਅੰਮਿ੍ਤਸਰ ਵਿਖੇ ਲਗਾਤਾਾਰ ਨਵੀਂ ਆਰਸੀ ਦੀ ਸੀਟ ਤੇ ਤਾਇਨਾਤ ਰਹੀ ਹੈ ਤੇ ਜੇਕਰ ਕਿਤੇ ਬਦਲੀ ਹੁੰਦੀ ਸੀ ਤਾਂ ਫਿਰ ਇਸੇ ਸੀਟ 'ਤੇ ਆ ਜਾਂਦੀ ਸੀ। ਇਸ ਸਬੰਧੀ ਐੱਸਪੀਸੀ ਅਮਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਕਾਰਵਾਈ ਹੋ ਰਹੀ ਹੈ। ਬਾਕੀ ਉਹ ਦਫਤਰ ਤੋਂ ਬਾਹਰ ਹਨ ਤੇ ਇਸ ਬਾਰੇ ਰਿਕਾਰਡ ਚੈੱਕ ਕਰਕੇ ਹੀ ਦੱਸ ਸਕਦੇ ਹਨ।