ਗਗਨਦੀਪ ਸਿੰਘ ਬੇਦੀ, ਅੰਮਿ੍ਤਸਰ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਕੱਲ 3 ਅਕਤੂਬਰ ਨੂੰ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਵਿਖੇ ਲੋਕ ਇਨਸਾਫ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਕਾਲੇ ਕੱਪੜੇ ਪਾ ਕੇ ਕਿਸਾਨਾਂ ਦੇ ਹੱਕਾਂ ਲਈ ਪ੍ਰਦਰਸ਼ਨ ਕਰਨਗੇ ਤੇ ਉਨ੍ਹਾਂ ਰਾਹੀ ਕੇਂਦਰ ਸਰਕਾਰ ਨੂੰ ਸੁਨੇਹਾ ਭੇਜਣਗੇ ਕਿ ਹੁਣ ਪੰਜਾਬ ਦਾ ਸੰਘਰਸ਼ ਭਾਜਪਾ ਨੇਤਾਵਾਂ ਦੇ ਘਰਾਂ ਤੱਕ ਪਹੁੰਚੇਗਾ ਤੇ ਪੰਜਾਬ ਵਿਰੋਧੀ ਫ਼ੈਸਲਾ ਲੈ ਕੇ ਭਾਜਪਾ ਲਈ ਪੰਜਾਬ ਵਿਚ ਵਿਚਰਣਾ ਸੋਖਾ ਨਹੀਂ ਹੋਵੇਗਾ।

ਇਹ ਜਾਣਕਾਰੀ ਲੋਕ ਇਨਸਾਫ ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਇਸ ਪ੍ਰਦਰਸ਼ਨ ਵਿਚ ਪਾਰਟੀ ਦੇ ਵਰਕਰ ਹਿੱਸਾ ਨਹੀਂ ਲੈ ਰਹੇ ਹਨ। ਇਸ ਮੌਕੇ ਸਿਰਫ ਸੀਨੀਅਰ ਲੀਡਰਸ਼ਿਪ ਹੀ ਬੈਂਸ ਦੇ ਨਾਲ ਮੌਜੂਦ ਹੋਵੇਗੀ। ਪ੍ਰਕਾਸ਼ ਮਾਹਲ ਨੇ ਕਿਹਾ ਕਿ ਕਿਸਾਨਾਂ ਦੇ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਸੰਘਰਸ਼ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਜਿਸ ਕਰਕੇ ਉਹ ਸਾਰੇ ਪਾਰਟੀ ਵਰਕਰ ਬੈਂਸ ਦੀ ਅਗਵਾਈ ਵਿਚ ਪਹਿਲਾਂ ਤਾਂ ਪਾਰਲੀਮੈਂਟ ਦਾ ਿਘਰਾਓ ਕਰਨ ਨਿਕਲੇ ਸੀ ਪਰ ਉਨ੍ਹਾਂ ਨੂੰ ਸ਼ੰਭੂ ਬੈਰੀਅਰ 'ਤੇ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ। ਹੁਣ ਉਨ੍ਹਾਂ ਨੇ ਸੰਘਰਸ਼ ਦੇ ਅਗਲੇ ਪੜਾਅ ਤਹਿਤ ਭਾਜਪਾ ਦੇ ਪੰਜਾਬ ਪ੍ਰਧਾਨ ਦੀ ਕੋਠੀ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਹੈ।

ਮਾਹਲ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦਾ ਇਹ ਕਿਸਾਨ ਮਾਰੂ ਬਿੱਲ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਉਹ ਹੁਣ ਭਾਜਪਾ ਨੇਤਾਵਾਂ ਖਿਲਾਫ ਸੰਘਰਸ਼ ਦਾ ਰਾਹ ਅਪਣਾਉਣ ਜਾ ਰਹੇ ਹਨ।