ਗੁਰਮੀਤ ਸੰਧੂ, ਅੰਮਿ੍ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਯੂਜੀ ਦਾਖ਼ਲਾ 2020 ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸਦਾ ਮੁੱਖ ਕਾਰਨ ਯੂਜੀ ਦਾਖ਼ਲਾ ਪ੍ਰਕਿਰਿਆ ਦੌਰਾਨ ਨਿਯਮਾਂ ਨੂੰ ਿਛੱਕੇ ਟੰਗਿਆ ਜਾਣਾ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦਾਖ਼ਲੇ ਤੋਂ ਵਾਂਝੇ ਵਿਦਿਆਰਥੀਆਂ ਵਲੋਂ ਜੀਐੱਨਡੀਯੂ ਪ੍ਰਬੰਧਨ ਨੂੰ ਲਿਖਤੀ ਤੇ ਆਨਲਾਈਨ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਯੂਜੀ ਦਾਖ਼ਲਾ 2020 ਦੌਰਾਨ ਬੀਓਸੀ ਪ੍ਰਣਾਲੀ ਨੂੰ ਮੁੱਖ ਰੱਖ ਕੇ ਕਰਨਾ ਹੁੰਦਾ ਹੈ, ਪਰ ਸ਼ਿਕਾਇਤਕਰਤਾਵਾਂ ਅਨੁਸਾਰ ਵਿਭਾਗ ਮੁਖੀ ਆਪਣੀ ਮਨਮਰਜ਼ੀ ਨਾਲ ਦਾਖ਼ਲਾ ਕਰ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ, ਜਦਕਿ ਇਸ ਸਮੁੱਚੀ ਦਾਖ਼ਲਾ ਪ੍ਰਣਾਲੀ ਦੀ ਜ਼ਿੰਮੇਵਾਰੀ ਦਾਖ਼ਲਾ ਕੋ-ਆਰਡੀਨੇਟਰ ਦੀ ਦੇਖਰੇਖ ਹੇਠ ਸੰਪਨ ਹੋਣੀ ਹੁੰਦੀ ਹੈ। ਜਾਣਕਾਰੀ ਅਨੁਸਾਰ ਫਿਜਿਕਸ, ਕੈਮਿਸਟਰੀ, ਗਣਿਤ, ਫਾਰਮੇਸੀ, ਬਾਇਓ ਟੈਕਨਾਲੋਜੀ, ਜੁਆਲੋਜੀ ਆਦਿ ਵਿਭਾਗਾਂ ਵਿਚ ਦਾਖ਼ਲਾ ਲੈਣ ਲਈ ਸਰਗਰਮੀਆਂ ਜ਼ੋਰਾਂ 'ਤੇ ਹਨ, ਜਦਕਿ ਮਾਸਟਰਜ਼ ਜਮਾਤਾਂ ਲਈ ਵੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਕੁੱਲ ਮਿਲਾ ਕੇ ਇਸ ਦਾਖ਼ਲਾ ਪ੍ਰਕਿਰਿਆ ਨੂੰ ਲੈ ਕੇ ਕੋ-ਆਰਡੀਨੇਟਰ ਸਮੇਤ ਸਮੁੱਚੇ ਦਲਬਲ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ। ਵਿਦਿਆਰਥੀਆਂ ਅਨੁਸਾਰ ਯੂਨੀਵਰਸਿਟੀ 'ਚ ਦਾਖ਼ਲਾ ਲਈ ਆਨਲਾਈਨ ਫਾਰਮ ਭਰੇ ਸਨ ਪਰ ਜਦੋਂ ਚੁਣੇ ਗਏ ਵਿਦਿਆਰਥੀਆਂ ਦੀ ਲਿਸਟ ਜਾਰੀ ਕੀਤੀ ਗਈ ਤਾਂ ਉਸ 'ਚ ਉਨ੍ਹਾਂ ਦਾ ਨਾਂ ਨਹੀਂ ਸੀ। ਉਨ੍ਹਾਂ ਅਨੁਸਾਰ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਯੂਜੀ ਦਾਖ਼ਲਾ 2020 ਬੀਓਸੀ ਦੀ ਨਿਯਮਾਂਵਲੀ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਤੇ ਵਿਭਾਗ ਮੁਖੀ ਆਪਣੀ ਮਨਮਰਜ਼ੀ ਨਾਲ ਮੈਰਿਟ ਨੂੰ ਅੱਖੋਂ ਪਰੋਖੇ ਕਰ ਕੇ ਦਾਖ਼ਲਾ ਪ੍ਰਕਿਰਿਆ ਨੂੰ ਪੂਰਾ ਕਰ ਰਹੇ ਹਨ। ਇਸ ਮਾਮਲੇ 'ਤੇ ਹੈਲਪ ਡੈਸਕ ਤੋਂ ਫੋਨ ਨਾ ਚੁੱਕਣ, ਕਿਸੇ ਈਮੇਲ ਦਾ ਜਵਾਬ ਨਾ ਦੇਣ ਤੇ ਨਾ ਹੀ ਵੇਟਿੰਗ ਲਿਸਟ ਦੀ ਕੋਈ ਸੂਚਨਾ ਦੇਣਾ ਆਦਿ ਵਰਗੀਆਂ ਸ਼ਿਕਾਇਤਾਂ ਤੋਂ ਇਲਾਵਾ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਤੇ ਸੁਰੱਖਿਆ ਸਾਧਨਾਂ ਨੂੰ ਦਰਕਿਨਾਰ ਕਰ ਕੇ ਵਿਭਾਗਾਂ ਵਿਚ ਅਣਗਿਣਤ ਵਿਦਿਆਰਥੀਆਂ ਦੀ ਹਾਜ਼ਰੀ 'ਤੇ ਵੀ ਰੋਸ ਪ੍ਰਗਟਾਇਆ ਗਿਆ ਹੈ। ਉਨ੍ਹਾਂ ਅਨੁਸਾਰ ਜੇਕਰ ਬੀਓਸੀ ਪ੍ਰਕਿਰਿਆ ਅਨੁਸਾਰ ਦਾਖ਼ਲਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਦਾਖ਼ਲਾ ਤੈਅ ਸੀ। ਉਨ੍ਹਾਂ ਦਾਖ਼ਲੇ ਦੇ ਮਾਮਲੇ 'ਤੇ ਆਡਿਟ ਦੀ ਵੀ ਮੰਗ ਕੀਤੀ ਹੈ। ਇਸ ਸਬੰਧੀ ਜੀਐੱਨਡੀਯੂ ਦੇ ਰਜਿਸਟਰਾਰ ਪ੍ਰਰੋਫੈਸਰ ਡਾ. ਕੇਐੱਸ ਕਾਹਲੋਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਦਾਖ਼ਲਾ ਮਾਮਲੇ 'ਤੇ ਪਾਰਦਰਸ਼ਤਾ ਅਪਣਾਏ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਜਿਸ ਕਿਸੇ ਨੂੰ ਵੀ ਸ਼ਿਕਾਇਤ ਹੈ ਤਾਂ ਉਹ ਜੀਐੱਨਡੀਯੂ ਪ੍ਰਬੰਧਨ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।