ਬਲਜਿੰਦਰ ਸਿੰਘ ਰੰਧਾਵਾ, ਚੌਂਕ ਮਹਿਤਾ : ਸਥਾਨਕ ਕਸਬੇ ਦੀ ਘੁਮਾਣ ਰੋਡ 'ਤੇ ਸੋਮਵਾਰ ਉਸ ਵੇਲੇ ਵੱਡਾ ਹਾਦਸਾ ਹੋਣੋ ਟਲ ਗਿਆ, ਜਦ ਟਰੱਕ ਦੀ ਸਾਈਡ ਵੱਜਣ ਨਾਲ ਸੜਕ ਕਿਨਾਰੇ ਖੜ੍ਹੀ ਟਰੈਕਟਰ ਟਰਾਲੀ ਅਚਾਨਕ ਸਟਾਰਟ ਹੋ ਗਈ ਤੇ ਸਾਹਮਣੇ ਖੜ੍ਹੇ ਮੋਟਰਸਾਈਕਲ ਤੇ ਰੇਹੜੀਆਂ 'ਤੇ ਚੜ੍ਹ ਗਈ, ਜਦਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੇ ਹੋਣ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਭੋਏਵਾਲ ਦਾ ਕੁਲਦੀਪ ਸਿੰਘ ਸੜਕ ਕਿਨਾਰੇ ਟਰੈਕਟਰ ਟਰਾਲੀ ਖੜ੍ਹੀ ਕਰਕੇ ਦੁਕਾਨ ਤੋਂ ਖਾਦ ਲੈ ਰਿਹਾ ਸੀ ਕਿ ਏਨੇ ਨੂੰ ਕੋਲੋਂ ਗੁਜ਼ਰ ਰਹੇ ਇੱਕ ਟਰੱਕ ਨੇ ਟਰਾਲੀ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਗੇਅਰ 'ਚ ਖੜ੍ਹਾ ਟ੍ਰੈਕਟਰ ਸਟਾਰਟ ਹੋ ਗਿਆ ਤੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈਂਦੇ ਹੋਏ ਕੋਲ ਲੱਗੀ ਰੇਹੜੀ 'ਚ ਜਾ ਵੱਜਾ। ਉੱਥੇ ਮੌਜੂਦ ਲੋਕਾਂ ਨੇ ਟਰੈਕਟਰ ਨੂੰ ਬੰਦ ਕਰਕੇ ਹੋਰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਰੋਕ ਲਿਆ। ਇਸ ਮੌਕੇ ਆਸ-ਪਾਸ ਦੇ ਲੋਕਾਂ ਨੇ ਕਿਹਾ ਕਿ ਸੜਕ ਕਿਨਾਰੇ ਵੱਡੀ ਗਿਣਤੀ 'ਚ ਰੇਹੜੀਆਂ ਲੱਗੀਆਂ ਹੋਣ ਕਾਰਨ ਸੜਕਾਂ ਤੰਗ ਹੋ ਜਾਂਦੀਆਂ ਹਨ ਤੇ ਗੁਜ਼ਰਨ ਵਾਲੇ ਵਾਹਨਾਂ ਨੂੰ ਵੱਡੀ ਤੰਗੀ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਕਾਰਨ ਅਜਿਹੇ ਹਾਦਸੇ ਆਏ ਦਿਨ ਵਾਪਰਦੇ ਰਹਿੰਦੇ ਹਨ।