ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਸਤੰਬਰ ਮਹੀਨੇ 'ਚ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ। ਅੰਮਿ੍ਤਸਰ ਜ਼ਿਲੇ 'ਚ ਇਹ ਰੁਜ਼ਗਾਰ ਮੇਲਾ 30 ਸਤੰਬਰ ਨੂੰ ਸਰਕਾਰੀ ਆਈਟੀਆਈ ਰਣਜੀਤ ਐਵੇਨਿਊ ਵਿਖੇ ਲਾਇਆ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਇਸ ਰੁਜ਼ਗਾਰ ਮੇਲੇ 'ਚ ਅੰਮਿ੍ਤਸਰ ਜ਼ਿਲੇ ਤੇ ਹੋਰ ਸ਼ਹਿਰਾਂ ਦੀਆਂ ਨਾਮਵਰ ਕੰਪਨੀਆਂ ਜਿਵੇਂ ਕਿ ਐੱਸਬੀਆਈ ਲਾਈਫ ਇੰਸ਼ੋਰੈਂਸ, ਸਿਡਾਨਾ ਮਲਟੀਸਪੈਸ਼ੇਲਿਟੀ ਹਸਪਤਾਲ, ਗੂਗਲ ਪੇਅ, ਟਾਟਾ ਇੰਸ਼ੋਰੈਂਸ ਤੇ ਵੈਬਰਸ ਆਦਿ ਸਮੇਤ ਲਗਪਗ 18 ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ ਤੇ ਰੁਜ਼ਗਾਰ ਮੇਲੇ ਵਾਲੇ ਦਿਨ ਬਿਨੈਕਾਰਾਂ ਦੀ ਮੌਕੇ 'ਤੇ ਹੀ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਅੰਮਿ੍ਤਸਰ ਜ਼ਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਰੁਜ਼ਗਾਰ ਮੇਲਿਆਂ 'ਚ ਭਾਗ ਲੈਣ ਤੇ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਪ੍ਰਰਾਪਤ ਕਰਨ ਦੇ ਸੁਨਹਿਰੀ ਮੌਕੇ ਦਾ ਲਾਭ ਉਠਾਉਣ। ਇਸ ਤੋਂ ਇਲਾਵਾ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਅੰਮਿ੍ਤਸਰ ਦੇ ਡਿਪਟੀ ਡਾਇਰੈਕਟਰ ਵਿਕਰਮਜੀਤ ਨੇ ਦੱਸਿਆ ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਮੈਡੀਕਲ ਨਾਲ ਸਬੰਧਤ ਵੱਖ-ਵੱਖ ਅਸਾਮੀਆਂ ਜਿਵੇਂ ਡਾਕਟਰ, ਮੈਡੀਕਲ ਅਫਸਰ, ਨਰਸਿੰਗ, ਲੈਬ ਟੈਕਨੀਸ਼ੀਅਨ ਤੇ ਹੈਲਪਰ ਦੀ ਨਿਯੁਕਤੀ ਲਈ ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ।

ਉਨ੍ਹਾਂ ਐੱਮਬੀਬੀਐੱਸ ਤੇ ਬੀਏਐੱਮਐੱਸ ਨਰਸਿੰਗ ਤੇ ਡਿਪਲੋਮਾ ਹੋਲਡਰ ਨੂੰ ਖਾਸ ਤੌਰ 'ਤੇ ਮੇਲੇ 'ਚ ਭਾਗ ਲੈਣ ਲਈ ਕਿਹਾ। ਇਸ ਮੇਲੇ 'ਚ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਇਸ ਰੁਜ਼ਗਾਰ ਮੇਲੇ ਤੋਂ ਇਲਾਵਾ ਦੋ ਕੰਪਨੀਆਂ (ਐੱਚਡੀਐੱਫਸੀ ਲਾਈਫ ਇੰਸ਼ੋਰੈਂਸ ਤੇ ਕੋਚਰ ਇਨਫੋਟੈੱਕ) ਵੱਲੋਂ ਆਨਲਾਈਨ ਤੇ ਟੈਲੀਫੋਨਿਕ ਇੰਟਰਵਿਊ ਰਾਹੀਂ ਵੀ ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ।