ਜੇਐੱਨਐੱਨ, ਅੰਮਿ੍ਤਸਰ : ਜੇਕਰ ਤੁਸੀਂ ਆਪਣੇ ਵਾਹਨ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ (ਐੱਚਐੱਸਆਰਪੀ) ਨਹੀਂ ਲਵਾਈ ਤਾਂ ਉਸ ਨੂੰ ਛੇਤੀ ਲਵਾ ਲਓ, ਨਹੀਂ ਤਾਂ ਪਹਿਲੀ ਅਕਤੂਬਰ ਤੋਂ ਤੁਹਾਨੂੰ ਇਸ ਲਈ 2 ਹਜ਼ਾਰ ਰੁਪਏ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਦੂਜਾ ਇਸ ਦਾ ਚਲਾਨ ਹੋਇਆ ਤਾਂ ਜੁਰਮਾਨੇ ਦੀ ਰਾਸ਼ੀ ਤਿੰਨ ਹਜ਼ਾਰ ਹੋਵੇਗੀ। ਪੰਜਾਬ ਸਰਕਾਰ ਨੇ ਮੋਟਰ ਵਹੀਕਲ ਐਕਟ 'ਚ ਸੋਧ ਕਰਕੇ ਇਹ ਜੁਰਮਾਨਾ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਟਰਾਂਸਪੋਰਟ ਵਿਭਾਗ ਨੇ 30 ਸਤੰਬਰ 2020 ਤੱਕ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਵਾਉਣਾ ਜ਼ਰੁਰੀ ਕਰ ਦਿੱਤਾ ਹੈ।

ਪਹਿਲੀ ਅਕਤੂਬਰ ਤੋਂ ਜਿਸ ਵਿਅਕਤੀ ਦੇ ਵਾਹਨ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਹੋਵੇਗੀ, ਉਸ ਦਾ ਚਲਾਨ ਕੱਟਿਆ ਜਾਵੇਗਾ। ਸਤੰਬਰ ਮਹੀਨਾ ਖਤਮ ਹੋਣ 'ਚ ਹੁਣ ਸਿਰਫ ਛੇ ਦਿਨ ਬਚੇ ਹਨ ਤਾਂ ਲੋਕਾਂ ਨੇ ਚਲਾਨ ਤੋਂ ਬਚਣ ਲਈ ਨੰਬਰ ਪਲੇਟ ਲਾਉਣ ਸਬੰਧੀ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਅੰਮਿ੍ਤਸਰ ਜ਼ਿਲ੍ਹੇ 'ਚ ਕਰੀਬ 15 ਲੱਖ ਵਾਹਨ ਹਨ ਤੇ ਸਾਲ 2011 ਤੋਂ 2015 'ਚ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦੀ ਸ਼ੁਰੂਆਤ ਹੋਈ ਪਰ ਕਿਸੇ ਕਾਰਨਾਂ ਦੇ ਚੱਲਦੇ ਪੰਜਾਬ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ। ਨਵੰਬਰ 2018 'ਚ ਇਸ ਦੀ ਦੁਬਾਰਾ ਸ਼ੁਰੂਆਤ ਹੋਈ। ਉਦੋਂ ਤੋਂ ਹੁਣ ਤੱਕ ਕਰੀਬ 4.35 ਲੱਖ ਲੋਕਾਂ ਨੇ ਨੰਬਰ ਪਲੇਟ ਲਈ ਅਪਲਾਈ ਕੀਤਾ ਅਤੇ ਇਨ੍ਹਾਂ ਵਿਚੋਂ ਕਰੀਬ 3.45 ਲੱਖ ਵਾਹਨਾਂ 'ਤੇ ਹੀ ਇਹ ਨੰਬਰ ਪਲੇਟ ਲਗਾਈ ਜਾ ਸਕੀ।

-- ਕੀ ਹੈ ਹਾਈ ਸਕਿਓਰਿਟੀ ਨੰਬਰ ਪਲੇਟ

ਇਹ ਇਕ ਨਵੇਂ ਤਰ੍ਹਾਂ ਦੀ ਨੰਬਰ ਪਲੇਟ ਹੈ, ਜੋ ਐਲਮੂਨੀਅਮ ਦੀ ਬਣੀ ਹੋਈ ਹੈ। ਇਸ 'ਤੇੇ ਇਕ ਹੋਲੋਗਰਾਮ, ਜੋ ਇਕ ਤਰ੍ਹਾਂ ਸਟਿਕਰ ਹੈ, ਜਿਸ 'ਤੇ ਚੱਕਰ ਬਣਿਆ ਹੋਇਆ ਹੈ। ਜਿਸ ਵਿਚ ਵਾਹਨ ਦੇ ਇੰਜਣ ਤੇ ਚੇਸੀ ਨੰਬਰ ਅੰਕਿਤ ਹਨ। ਇਹ ਛੇਤੀ ਨਸ਼ਟ ਨਹੀਂ ਹੋ ਸਕੇਗਾ। ਇਸ ਪਲੇਟ 'ਤੇ 7 ਅੰਕਾਂ ਦਾ ਇਕ ਯੂਨੀਕ ਲੇਜਰ ਕੋਡ ਹੈ ਜੋ ਹਰ ਵਾਹਨ ਦੇ ਨੰਬਰ ਪਲੇਟ 'ਤੇ ਵੱਖ-ਵੱਖ ਹੋਵੇਗਾ। ਨੰਬਰ ਨੂੰ ਪਲੇਟ 'ਤੇ ਪ੍ਰਰੈਸ਼ਰ ਮਸ਼ੀਨ ਨਾਲ ਲਿਖਿਆ ਗਿਆ ਹੈ ਜੋ ਉਭਰਿਆ ਰਹਿੰਦਾ ਹੈ, ਜਿਸ 'ਤੇ ਨੀਲੇ ਰੰਗ ਦਾ ਆਈਐੱਨਡੀ ਦਿਖਾਈ ਦਿੰਦਾ ਹੈ।

-- ਜਿਲ੍ਹੇ ਵਿਚ ਜਿਨ੍ਹਾਂ ਵਾਹਨਾਂ 'ਤੇ ਇਕ ਅਕਤੂਬਰ 2020 ਤੋਂ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਹੋਵੇਗੀ, ਉਸ ਦੇ ਚਲਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲੀ ਵਾਰ ਦੋ ਹਜ਼ਾਰ ਤੇ ਦੂਜੀ ਵਾਰ 'ਤੇ ਇਸ ਦਾ ਚਲਾਨ ਹੋਣ 'ਤੇੇ ਵਾਹਨ ਮਾਲਕ ਨੂੰ ਤਿੰਨ ਹਜ਼ਾਰ ਰੁਪਏ ਦੇਣੇ ਹੋਣਗੇ। ਇਸ ਸਬੰਧੀ ਸਰਕਾਰ ਦਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਤੇ ਸਰਕਾਰ ਦੀਆਂ ਹਦਾਇਤਾਂ 'ਤੇ ਪਹਿਲੀ ਅਕਤੂਬਰ ਤੋਂ ਚਲਾਨ ਕੱਟਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ।

- ਜੋਤੀ ਬਾਲਾ, ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ, ਅੰਮਿ੍ਤਸਰ।