ਜਰਨੈਲ ਸਿੰਘ ਤੱਗੜ, ਕੱਥੂਨੰਗਲ : ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਡੂੰਘੀ ਆਰਥਿਕ ਸੱਟ ਮਾਰੀ ਹੈ ਜਿਸ ਕਾਰਨ ਲੱਖਾਂ ਲੋਕਾਂ ਦੇ ਰੁਜ਼ਗਾਰ ਖੁੱਸ ਗਏ ਤੇ ਕਾਰੋਬਾਰ ਠੱਪ ਹੋ ਗਏ। ਕੋਰੋਨਾ ਮਹਾਮਾਰੀ ਕਾਰਨ ਸੂਬੇ ਭਰ ਦੇ ਸਕੂਲ ਪਿਛਲੇ 9 ਮਹੀਨਿਆਂ ਤੋਂ ਬੰਦ ਹੋਣ ਕਾਰਨ ਇਨ੍ਹਾਂ ਸਕੂਲਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਸਕੂਲਾਂ ਵੱਲੋਂ ਕਰਵਾਈ ਜਾ ਰਹੀ ਇਸ ਆਨਲਾਈਨ ਪੜ੍ਹਾਈ ਕਰਕੇ ਸਕੂਲ ਪ੍ਰਬੰਧਕ ਕਮੇਟੀਆਂ ਹੁਣ ਬੱਚਿਆਂ ਦੇ ਮਾਪਿਆਂ ਕੋਲੋਂ ਪਿਛਲੇ ਸਮੇਂ ਦੀਆਂ ਸਾਰੀਆਂ ਫੀਸਾਂ ਦੀ ਮੰਗ ਕਰ ਰਹੀਆਂ ਹਨ ਤੇ ਬਹੁਤ ਸਾਰੇ ਮਾਪਿਆਂ ਵੱਲੋਂ ਕੋਰੋਨਾ ਕਾਰਨ ਹੋਏ ਮਾੜੇ ਆਰਥਿਕ ਹਾਲਾਤ ਕਾਰਨ ਇਹ ਪੂਰੀਆਂ ਫੀਸ ਦੇਣ ਤੋਂ ਅਸਮਰਥਾ ਜਾਹਰ ਕਰਦੇ ਹੋਏ ਵਿਰੋਧ ਕੀਤਾ ਜਾ ਰਿਹਾ ਹੈ।

ਅਜਿਹੇ ਹੀ ਇਕ ਫੀਸਾਂ ਦੇ ਮਾਮਲੇ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਪਿਆਂ ਵੱਲੋਂ ਕੱਥੂਨੰਗਲ ਟੋਲ ਪਲਾਜ਼ਾ ਨੇੜੇ ਪੈਂਦੇ ਸੇਠ ਰਾਮ ਲਾਲ ਕਾਨਵੈਂਟ ਸਕੂਲ ਵਰਿਆਮ ਨੰਗਲ ਦੀ ਮੈਨਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕ ਕਮੇਟੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਕੂਲ ਵੱਲੋਂ ਪਿਛਲੇ ਮਹੀਨਿਆਂ ਦੀ ਪੂਰੀ ਫੀਸ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਕੋਰੋਨਾ ਕਾਰਨ ਉਨ੍ਹਾਂ ਦੀ ਆਰਥਿਕ ਹਾਲਾਤ ਠੀਕ ਨਹੀਂ ਹਨ ਕਿ ਉਹ ਸਾਰੀ ਫੀਸ ਸਕੂਲ ਨੂੰ ਜਮ੍ਹਾ ਕਰਵਾ ਸਕਣ। ਮਾਪਿਆਂ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਸਕੂਲ ਨੂੰ ਫੀਸ ਨਹੀਂ ਦਿੱਤੀ ਸਕੂਲ ਵਲੋਂ ਉਨ੍ਹਾਂ ਬੱਚਿਆਂ ਨੂੰ ਆਨਲਾਈਨ ਕੰਮ ਕਰਵਾਉਣਾ ਬੰਦ ਕਰ ਦਿੱਤਾ ਗਿਆ ਤੇ ਗਰੁੱਪ 'ਚੋ ਕੱਢ ਦਿੱਤਾ ਗਿਆ। ਜਦ ਕਿ ਸਕੂਲ ਦੇ ਪਿ੍ਰੰਸੀਪਲ ਸਵਪਨ ਦੁੱਗਲ ਨੇ ਕੁੱਝ ਦਿਨ ਪਹਿਲਾਂ ਮਾਪਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ 50 ਫ਼ੀਸਦੀ ਫੀਸ ਲਈ ਜਾਵੇਗੀ ਤੇ ਜਿਨ੍ਹਾਂ ਬੱਚਿਆਂ ਨੂੰ ਜਿੰਨੀ ਦੇਰ ਰਿਮੂਵ ਰੱਖਿਆ ਗਿਆ ਸੀ, ਓਨੀ ਦੇਰ ਦੀ ਉਨ੍ਹਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ ਤੇ ਜੇਕਰ ਸਕੂਲ ਇਸ ਵਾਅਦੇ ਤੋਂ ਪਿੱਛੇ ਹੱਟਦਾ ਹੈ ਤਾਂ ਬੱਚਿਆਂ ਦੀ ਦਾਖਲਾ ਫੀਸ ਤੇ ਕਿਤਾਬਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਪਰ ਹੁਣ ਸਕੂਲ ਪਿ੍ਰੰਸੀਪਲ ਆਪਣੀ ਇਸ ਗੱਲ ਤੋਂ ਮੁਕਰ ਗਏ ਤੇ ਪੂਰੀ ਫੀਸ ਦੀ ਮੰਗ ਕਰ ਰਹੇ ਹਨ।

ਬੱਚਿਆਂ ਦੇ ਮਾਪਿਆਂ ਨੇ ਪਿ੍ਰੰਸੀਪਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਸਕੂਲ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਜਦ ਅਸੀਂ ਅੱਜ ਸਕੂਲ ਪੁੱਜੇ ਤਾਂ ਪਿ੍ਰੰਸੀਪਲ ਉਥੇ ਨਹੀਂ ਆਏ। ਇਸ ਸਬੰਧੀ ਪਿ੍ਰੰਸੀਪਲ ਸਵਪਨ ਦੁੱਗਲ ਨੇ ਕਿਹਾ ਮਾਪਿਆਂ ਨਾਲ 50 ਫ਼ੀਸਦੀ ਫੀਸ ਲੈਣ ਦਾ ਵਾਅਦਾ ਉਨ੍ਹਾਂ ਦਬਾਅ ਹੇਠ ਕੀਤਾ ਸੀ। ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕੰਵਲਜੀਤ ਸਿੰਘ ਨੂੰ ਵਾਰ-ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੁੱਖ ਜੀਟੀ ਰੋਡ ਜਾਮ ਕਰਨਗੇ।