ਬਲਜਿੰਦਰ ਸਿੰਘ ਰੰਧਾਵਾ, ਚੌਕ ਮਹਿਤਾ : ਥਾਣਾ ਮਹਿਤਾ ਦੇ ਐੱਸਐੱਚਓ ਇੰਸਪੈਕਟਰ ਸਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਕਾਰਵਾਈ ਦੌਰਾਨ ਮਹਿਤਾ ਪੁਲਸ ਨੇ ਦੋ ਮੁਲਜ਼ਮਾਂ ਨੂੰ ਚੋਰੀ ਦੇ ਦੋਪਹੀਆ ਵਾਹਨਾਂ ਸਮੇਤ ਕਾਬੂ ਕੀਤਾ ਹੈ।

ਜਾਣਕਾਰੀ ਅਨੁਸਾਰ ਏਐੱਸਆਈ ਗੁਰਦੇਵ ਸਿੰਘ, ਕਾਂਸਟੇਬਲ ਸਾਗਰ ਕੁਮਾਰ ਤੇ ਗੁਰਸਾਹਿਬ ਸਿੰਘ ਆਦਿ ਪੁਲਿਸ ਪਾਰਟੀ ਵੱਲੋਂ ਕੀਤੀ ਇਸ ਕਾਰਵਾਈ ਦੌਰਾਨ ਕਸ਼ਮੀਰ ਸਿੰਘ ਵਾਸੀ ਪਿੰਡ ਨਿੱਜਰ ਤੇ ਸ਼ਮਸ਼ੇਰ ਸਿੰਘ ਵਾਸੀ ਪਿੰਡ ਲੋਹਗੜ੍ਹ ਨੂੰ ਇਸ ਕੇਸ 'ਚ ਗਿ੍ਫਤਾਰ ਕੀਤਾ ਗਿਆ ਹੈ। ਦੋਵੇਂ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਬਾਬਾ ਬਕਾਲਾ ਤੋਂ ਮਹਿਤਾ ਆ ਰਹੇ ਸਨ। ਰਸਤੇ 'ਚ ਚੈਕਿੰਗ ਦੌਰਾਨ ਜਦ ਇਨ੍ਹਾਂ ਨੂੰ ਰੋਕ ਕੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਦੋਵੇਂ ਮੋਟਰਸਾਈਕਲ ਚੋਰੀ ਦੇ ਪਾਏ ਗਏ।

ਥਾਣਾ ਮਹਿਤਾ ਵਿਖੇ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਕੁੱਲ 9 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ, ਜਿਸ 'ਚ 7 ਮੋਟਰਸਾਈਕਲ ਤੇ 2 ਸਕੂਟਰ ਹਨ। ਥਾਣਾ ਮਹਿਤਾ ਵਿਖੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।