ਜੇਐੱਨਐੱਨ, ਅੰਮਿ੍ਤਸਰ : ਮੋਹਕਮਪੁਰਾ ਥਾਣੇ ਅਧੀਨ ਪੈਂਦੇ ਦਸਮੇਸ਼ ਨਗਰ 'ਚ ਪਤਨੀ ਵਲੋਂ ਕਰਵਾਏ ਦੂਜੇ ਵਿਆਹ ਦਾ ਪਤਾ ਲੱਗਦੇ ਹੀ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਘਟਨਾ 4 ਸਤੰਬਰ ਰਾਤ ਦੀ ਹੈ। ਪੁਲਿਸ ਨੇ ਪੋਸਟਮਾਰਟਮ ਰਿਪੋਰਟ, ਪਰਿਵਾਰ ਦੇ ਮੈਂਬਰਾਂ ਦੇ ਬਿਆਨ ਤੇ ਸਬੂਤਾਂ ਦੇ ਅਧਾਰ 'ਤੇ ਕੇਸ ਦਰਜ ਕਰ ਲਿਆ ਹੈ।

ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਮਿ੍ਤਕ ਲੇਖਰਾਜ ਦੀ ਮਾਂ ਪੁਸ਼ਪਾ ਰਾਣੀ ਦੇ ਬਿਆਨ 'ਤੇ ਉਸ ਦੀ ਨੂੰਹ ਪੂਜਾ (ਮਿ੍ਤਕ ਦੀ ਪਤਨੀ), ਸੱਸ ਸੁਮਨ, ਸਹੁਰਾ ਰਮੇਸ਼ ਤੇ ਰਿਸ਼ਤੇਦਾਰ ਰਾਹੁਲ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਸ਼ਪਾ ਰਾਣੀ ਨੇ ਦੱਸਿਆ ਕਿ ਉਸ ਦਾ ਪੁੱਤਰ ਲੇਖਰਾਜ ਮੋਬਾਈਲ ਰਿਪੇਅਰ ਕਰਦਾ ਸੀ। ਲਗਪਗ 11 ਸਾਲ ਪਹਿਲਾਂ ਉਨ੍ਹਾਂ ਲੇਖਰਾਜ ਦਾ ਵਿਆਹ ਪੂਜਾ ਨਾਲ ਕਰ ਦਿੱਤਾ ਸੀ। ਪੰਜ ਸਾਲ ਪਹਿਲਾਂ ਤਕ ਸਭ ਠੀਕ ਚੱਲ ਰਿਹਾ ਸੀ। ਉਨ੍ਹਾਂ ਆਪਣੇ ਬੇਟੇ ਕਿ੍ਸ਼ਨਾ ਨੂੰ ਸਕੂਲ ਵਿਚ ਪਾ ਦਿੱਤਾ ਸੀ। ਪਰ ਤਿੰਨ ਸਾਲ ਪਹਿਲਾਂ ਨੂੰਹ ਤੇ ਪੁੱਤਰ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ।

ਇਸ ਦੇ ਬਾਅਦ ਪੂਜਾ ਪੇਕੇ ਘਰ ਰਹਿਣ ਲੱਗੀ। ਕਈ ਵਾਰ ਉਸ ਨੂੰ ਘਰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਿਆ। ਪਰ ਅਗਸਤ ਮਹੀਨੇ 'ਚ ਲੇਖਰਾਜ ਨੂੰ ਪਤਾ ਲੱਗਾ ਕਿ ਪੂਜਾ ਨੇ ਉਸ ਨੂੰ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ। ਇਸ ਤੋਂ ਦੁਖੀ ਹੋ ਕੇ 4 ਸਤੰਬਰ ਦੀ ਰਾਤ ਲੇਖਰਾਜ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ।