ਮਨੋਜ ਕੁਮਾਰ, ਛੇਹਰਟਾ : ਸੇਵਾ ਕੇਂਦਰ ਹੁਣ ਸੁਵਿਧਾ ਦੇਣ ਦੀ ਬਜਾਏ ਦੁਵਿਧਾ ਕੇਂਦਰ ਬਣਦੇ ਜਾ ਰਹੇ ਹਨ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸੋਮਵਾਰ ਵਾਰਡ-82 ਦੇ ਕੌਂਸਲਰ ਅਰਵਿੰਦ ਸ਼ਰਮਾ ਨੇ ਛੇਹਰਟਾ 'ਚ ਓਮ ਜੀ ਪਾਰਕ ਨੇੜੇ ਸਥਿਤ ਸੇਵਾ ਕੇਂਦਰ 'ਚ ਪੁੱਜ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਸ ਮੌਕੇ ਬਜ਼ੁਰਗ ਅੌਰਤਾਂ ਦਲਬੀਰ ਕੌਰ ਤੇ ਸਵਿੰਦਰ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਬੁਢਾਪਾ ਪੈਨਸ਼ਨ ਬੰਦ ਹੋ ਜਾਣ 'ਤੇ ਉਨ੍ਹਾਂ ਨੇ ਮੁੜ ਪੈਨਸ਼ਨ ਲਗਵਾਉਣ ਲਈ ਫਾਰਮ ਭਰ ਕੇ ਦਿੱਤੇ ਸਨ। ਉਨ੍ਹਾਂ ਨੂੰ ਸੇਵਾ ਕੇਂਦਰ ਦੇ ਚੱਕਰ ਕੱਟਦਿਆਂ ਇਕ ਸਾਲ ਹੋ ਗਿਆ ਹੈ ਪਰ ਅਜੇ ਤਕ ਪੈਨਸ਼ਨ ਨਹੀਂ ਲੱਗੀ। ਕੁਲਵਿੰਦਰ ਕੌਰ ਨੇ ਦੱਸਿਆ ਆਧਾਰ ਕਾਰਡ ਬਣਵਾਉਣ ਲਈ ਉਹ ਸਵੇਰੇ ਛੇ ਵਜੇ ਤੋਂ ਕਤਾਰ 'ਚ ਲੱਗੀ ਹੋਈ ਹੈ ਪਰ ਅਜੇ ਤਕ ਵਾਰੀ ਨਹੀਂ ਆਈ। ਨਸਰੀਨ ਵਾਸੀ ਪਿੰਡ ਕਾਲੇ ਨੇ ਦੱਸਿਆ ਪੈਨਸ਼ਨ ਲਵਾਉਣ ਲਈ ਫਾਰਮ ਭਰ ਕੇ ਦਿੱਤੇ ਨੂੰ ਇਕ ਸਾਲ ਹੋ ਗਿਆ ਹੈ ਪਰ ਅਜੇ ਤਕ ਪੈਨਸ਼ਨ ਨਹੀਂ ਲੱਗੀ। ਨੌਜਵਾਨ ਓਮ ਪ੍ਰਕਾਸ਼ ਨੇ ਦੱਸਿਆ ਕਿ ਫ਼ੌਜ 'ਚ ਭਰਤੀ ਹੋਣ ਲਈ ਫਾਰਮ ਭਰਨ ਲਈ ਰੈਜ਼ੀਡੈਂਸ ਸਰਟੀਫਿਕੇਟ ਦੀ ਲੋੜ ਹੈ, ਜਿਸ ਸਬੰਧੀ ਫਰਮ ਭਰ ਕੇ ਦੇਣ ਲਈ ਉਹ ਤਿੰਨ ਦਿਨ ਤੋਂ ਸੇਵਾ ਕੇਂਦਰ ਦੇ ਚੱਕਰ ਕੱਢ ਰਿਹਾ ਹੈ ਪਰ ਅਜੇ ਤਕ ਫਾਰਮ ਜਮ੍ਹਾਂ ਨਹੀਂ ਹੋਏ। ਸੋਮਵਾਰ ਉਹ ਸਵੇਰੇ 6 ਵਜੇ ਤੋਂ ਕਤਾਰ 'ਚ ਖੜ੍ਹਾ ਹੈ ਪਰ ਵਾਰੀ ਨਹੀਂ ਆਈ। ਕਾਰਜ ਸਿੰਘ ਨੇ ਦੱਸਿਆ ਉਹ ਅੰਗਹੀਣ ਦਾ ਸਰਟੀਫਿਕੇਟ ਬਣਾਉਣ ਲਈ ਸਵੇਰੇ 5 ਵਜੇ ਤੋਂ ਕਤਾਰ 'ਚ ਖੜ੍ਹੇ ਹੋ ਗਏ ਸਨ ਤੇ 18 ਨੰਬਰ ਟੋਕਨ ਮਿਲਣ ਦੇ ਬਾਵਜੂਦ ਵਾਰੀ ਨਹੀਂ ਆਈ। ਗੀਤਾ, ਸਿਮਰਨਜੀਤ ਕੌਰ ਤੇ ਹਰਪਾਲ ਸਿੰਘ ਨੇ ਵੀ ਸਵੇਰ ਤੋਂ ਲਾਈਨ 'ਚ ਖੜ੍ਹੇ ਹੋਣ ਦੇ ਬਾਵਜੂਦ ਵਾਰੀ ਨਾ ਆਉਣ ਦੀ ਗੱਲ ਕਹੀ।

-- ਕਈ-ਕਈ ਚੱਕਰ ਕੱਟਣ ਦੇ ਬਾਵਜੂਦ ਨਹੀਂ ਹੁੰਦਾ ਕੰਮ : ਕੌਂਸਲਰ ਸ਼ਰਮਾ

ਇਸ ਮੌਕੇ ਕੌਂਸਲਰ ਅਰਵਿੰਦ ਸ਼ਰਮਾ ਨੇ ਕਿਹਾ ਅਕਾਲੀ-ਭਾਜਪਾ ਸਰਕਾਰ ਸਮੇਂ ਲੋਕਾਂ ਨੂੰ ਘਰਾਂ ਨੇੜੇ ਸਹੂਲਤ ਦੇਣ ਲਈ ਅੰਮਿ੍ਤਸਰ ਜ਼ਿਲ੍ਹੇ 'ਚ 154 ਸੇਵਾ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਮੌਜੂਦਾ ਸਮੇਂ 'ਚ ਸਿਰਫ਼ 41 ਸੇਵਾ ਕੇਂਦਰਾਂ 'ਚ ਹੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਬਹੁਤ ਸਾਰੇ ਸੇਵਾ ਕੇਂਦਰ ਬੰਦ ਕਰ ਦਿੱਤੇ ਜਾਣ ਕਰ ਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੂਰ-ਦੂਰ ਦੇ ਸੇਵਾ ਕੇਂਦਰ 'ਚ ਜਾ ਕੇ ਤੜਕੇ 4 ਵਜੇ ਹੀ ਆ ਕੇ ਕਤਾਰਾਂ 'ਚ ਖੜ੍ਹਾ ਹੋਣ ਪੈ ਰਿਹਾ ਹੈ ਪਰ ਕਈ-ਕਈ ਚੱਕਰ ਕੱਟਣ ਦੇ ਬਾਵਜੂਦ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ, ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸਿਰਫ਼ ਉਸ ਵਿਅਕਤੀ ਦਾ ਹੀ ਕੰਮ ਹੁੰਦਾ ਹੈ ਜਿਸ ਦਾ ਤਿੰਨ-ਚਾਰ ਵਿਭਾਗਾਂ 'ਚ ਤਾਲਮੇਲ ਹੈ। ਉਨ੍ਹਾਂ ਮੰਗ ਕੀਤੀ ਕਿ ਵੱਖ-ਵੱਖ ਵਾਰਡਾਂ 'ਚ ਬੰਦ ਪਏ ਸੇਵਾ ਕੇਂਦਰ ਤੁਰੰਤ ਖੋਲ੍ਹੇ ਜਾਣ। ਇਸ ਮੌਕੇ ਭਾਜਪਾ ਦੇ ਛੇਹਰਟਾ ਮੰਡਲ ਪ੍ਰਧਾਨ ਅਸ਼ਵਨੀ ਬਾਬਾ, ਮਨਜੀਤ ਸਿੰਘ ਮਿੰਟਾ, ਮੋਹਿਤ ਸ਼ਰਮਾ, ਪ੍ਰਦੀਮ ਸ਼ਰਮਾ, ਹਰਪਾਲ ਸਿੰਘ ਤੇ ਰਮਨ ਕੁਮਾਰ ਵੀ ਮੌਜੂਦ ਸਨ।

-- ਲੋਕਾਂ ਦੀ ਸੁਵਿਧਾ ਲਈ ਬੰਦ ਸੇਵਾ ਕੇਂਦਰਾਂ ਦਾ ਮੁੜ ਖੋਲ੍ਹੇ ਜਾਣਾ ਜ਼ਰੂਰੀ : ਐੱਚਡੀਓ

ਇਸ ਸਬੰਧੀ ਸੇਵਾ ਕੇਂਦਰ ਦੇ ਹੈੱਡ ਡੈਸਕ ਆਪਰੇਟਰ (ਐੱਚਡੀਓ) ਰਾਹੁਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਵੱਲੋਂ 40 ਤੋਂ 50 ਦੇ ਕਰੀਬ ਟੋਕਨ ਰੋਜ਼ਾਨਾ ਜਾਰੀ ਕੀਤੇ ਜਾਂਦੇ ਹਨ, ਜਦਕਿ ਲੋਕਾਂ ਦੀ ਗਿਣਤੀ 100 ਤੋਂ 150 ਦੇ ਕਰੀਬ ਹੁੰਦੀ ਹੈ। 6 ਵਾਰਡਾਂ ਤੇ ਨੇੜਲੇ 20 ਪਿੰਡਾਂ ਦੇ ਲੋਕ ਸੇਵਾਵਾਂ ਲਈ ਇਸ ਕੇਂਦਰ 'ਤੇ ਆਉਂਦੇ ਹਨ। ਉਨ੍ਹਾਂ ਤੋਂ ਇਲਾਵਾ ਦੋ ਸਟਾਫ ਮੈਂਬਰ ਸਵੇਰ ਦੀ ਸ਼ਿਫਟ ਤੇ 2 ਸਟਾਫ ਮੈਂਬਰ ਬਾਅਦ ਦੁਪਹਿਰ ਦੀ ਸ਼ਿਫਟ 'ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਬੰਦ ਪਏ ਸੇਵਾ ਕੇਂਦਰਾਂ ਦਾ ਮੁੜ ਖੋਲ੍ਹੇ ਜਾਣਾ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।