ਜੇਐੱਨਐੱਨ, ਅੰਮਿ੍ਤਸਰ : ਵੀਰਵਾਰ ਕੋਰੋਨਾ ਵਾਇਰਸ ਨਾਲ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਚਾਰਾਂ ਵਿਅਕਤੀਆਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਉਥੇ 60 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ। ਇਨ੍ਹਾਂ ਵਿਚ ਗੁਰੂ ਨਾਨਕ ਦੇਵ ਹਸਪਤਾਲ ਦੀ ਗਾਇਨੀ ਵਾਰਡ-1 'ਚ ਕੰਮ ਕਰਨ ਵਾਲੇ ਪੀਜੀ ਡਾਕਟਰਾਂ ਸਮੇਤ ਲੇਬਰ ਰੂਮ ਦੀ ਇਕ ਨਰਸਿੰਗ ਸਿਸਟਰ ਵੀ ਸ਼ਾਮਲ ਹੈ। ਉਥੇ ਬੀਐੱਸਐੱਫ ਖਾਸਾ ਦੇ 11 ਜਵਾਨ ਵੀ ਪਾਜ਼ੇਟਿਵ ਆਏ ਹਨ।

ਕੋਰੋਨਾ ਨਾਲ ਕੋਟ ਆਤਮਾ ਰਾਮ ਵਾਸੀ 65 ਸਾਲਾ ਵਿਅਕਤੀ ਨੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ। ਉਹ ਹਾਈਪਰਟੈਂਸ਼ਨ ਦਾ ਸ਼ਿਕਾਰ ਵੀ ਸੀ। ਉਥੇ ਨਵਾਂ ਕੋਟ ਵਾਸੀ 47 ਸਾਲਾ ਵਿਅਕਤੀ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋ ਗਈ। ਗੁਮਟਾਲਾ ਵਾਸੀ 61 ਸਾਲਾ ਅੌਰਤ ਦੀ ਵੀ ਮੈਡੀਸਿਟੀ ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋਈ। ਉਥੇ ਬੀ ਬਲਾਕ ਵਾਸੀ 58 ਸਾਲਾ ਵਿਅਕਤੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਮ ਤੋੜਿਆ। ਗੁਰੂ ਨਾਨਕ ਦੇਵ ਹਸਪਤਾਲ ਸਥਿਤ ਗਾਇਨੀ ਵਾਰਡ ਨੰਬਰ ਇਕ ਦੇ ਪੀਜੀ ਡਾਕਟਰਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਇਸ ਵਾਰਡ ਵਿਚ ਇਲਾਜ ਅਧੀਨ ਮਰੀਜ਼ਾਂ ਨੂੰ ਦੂਜੀ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਉਥੇ ਵਾਰਡ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਮੈਡੀਕਲ ਕਾਲਜ ਪ੍ਰਸ਼ਾਸਨ ਨੇ ਗਾਇਨੀ ਵਾਰਡ ਵਿਚ ਕੰਮ ਕਰਦੇ ਸਾਰੇ ਡਾਕਟਰਾਂ ਤੇ ਸਾਥੀ ਸਟਾਫ ਦਾ ਕੋਵਿਡ-19 ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ।

ਵੀਰਵਾਰ ਨੂੰ ਕੰਮਿਉਨਿਟੀ ਵਲੋਂ 30 ਕੇਸ ਮਿਲੇ ਹਨ , ਜਦੋਂ ਕਿ ਕਾਂਟੇਕਟ ਕੇਸ ਵੀ 30 ਹੀ ਹਨ। ਅੰਮਿ੍ਤਸਰ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 105 ਤਕ ਜਾ ਪੁੱਜੀ ਹੈ। ਉਥੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2623 ਹੈ।ਇਨ੍ਹਾਂ 'ਚੋਂ 2029 ਤੰਦਰੁਸਤ ਹੋ ਚੁੱਕੇ ਹਨ, ਜਦਕਿ 500 ਐਕਟਿਵ ਕੇਸ ਹਨ।