- ਪਰਿਵਾਰ ਨੇ ਪੱਟੀ 'ਚ ਯਾਦਗਾਰ ਬਣਾਉਣ ਦੀ ਕੀਤੀ ਮੰਗ

ਬੱਲੂ ਮਹਿਤਾ, ਪੱਟੀ

ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਮੁਕਤ ਕਰਵਾਕੇ ਭਾਰਤ ਨੂੰ ਇਕ ਸੁਤੰਤਰ ਮੁਲਕ ਬਣਾਉਣ ਲਈ ਲੱਖਾਂ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂ। ਜਿਨ੍ਹਾਂ ਵਿਚੋਂ ਕੁਝ ਫਾਂਸੀ ਦੇ ਤਖਤਿਆਂ ਦੇ ਝੂਲ ਗਏ ਅਤੇ ਕੁਝ ਨੇ ਹੀ ਦੇਸ਼ ਨੂੰ ਆਜ਼ਾਦ ਹੁੰਦਿਆਂ ਵੇਖਿਆ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਫੁੱਲਾਂ ਵਰਗੀ ਜਵਾਨੀ ਨੂੰ ਕੱਖਾਂ ਵਿਚ ਰੋਲਣ ਵਾਲੇ ਅਜਿਹੇ ਮਹਾਨ ਆਜ਼ਾਦੀ ਘੁਲਾਟੀਆਂ ਵਿਚੋਂ ਬਹੁਤਿਆਂ ਨੂੰ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆਂ ਕਰ ਦਿੱਤਾ ਗਿਆ। ਉਹ ਗੁਮਨਾਮੀ ਦੀ ਜ਼ਿੰਦਗੀ ਬਤੀਤ ਕਰਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਅੱਜ ਅਸੀਂ ਪਾਠਕਾਂ ਨੂੰ ਨੌ ਲੱਖੀ ਪੱਟੀ ਵਿਚ ਜਨਮੇ ਅਜਿਹੇ ਹੀ ਇਕ ਮਹਾਨ ਆਜ਼ਾਦੀ ਘੁਲਾਟੀਏ ਤੋਂ ਜਾਣੂ ਕਰਵਾ ਰਹੇ ਹਾਂ, ਜਿਸ ਨੂੰ ਸਰਕਾਰਾਂ ਵੱਲੋਂ ਵਿਸਾਰਨ ਕਾਰਨ ਸ਼ਾਇਦ ਹੀ ਕੋਈ ਪੱਟੀ ਵਾਸੀ ਜਾਣਦਾ ਹੋਵੇ ਕਿ ਇਥੇ ਵੀ ਇਕ ਮਹਾਨ ਅਜ਼ਾਦੀ ਘੁਲਾਟੀਏ ਨੇ ਜਨਮ ਲਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅਜ਼ਾਦੀ ਘੁਲਾਟੀਆ ਦੌਲਤ ਰਾਮ ਦੀ, ਜਿਸ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅੰਗਰੇਜ਼ੀ ਹਕੂਮਤ ਦਾ ਤਸ਼ੱਦਦ ਆਪਣੇ ਪਿੰਡੇ 'ਤੇ ਝੱਲਿਆ ਤੇ ਕਸੂਰ, ਲਾਇਲਪੁਰ ਅਤੇ ਮੁਲਤਾਨ ਵਿਚ 3 ਸਾਲ 11 ਮਹੀਨੇ 17 ਦਿਨ ਜੇਲ੍ਹਾਂ ਕੱਟੀਆਂ। ਉਨ੍ਹਾਂ ਦਾ ਜਨਮ ਸੰਨ 1894 ਵਿਚ ਪਿਤਾ ਪੰਡਿਤ ਸ਼ੰਕਰ ਦਾਸ ਦੇ ਗ੍ਹਿ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਮੁਹੱਲਾ ਕੋੜਿਆਂ ਵਾਲਾ ਪੱਟੀ ਵਿਖੇ ਹੋਇਆ। ਉਨ੍ਹਾਂ ਦੇ ਦੋ ਹੋਰ ਭਰਾ ਫ਼ਕੀਰ ਚੰਦ, ਕਰਮ ਚੰਦ ਅਤੇ ਭੈਣ ਕੌਸ਼ਲਿਆ ਦੇਵੀ ਸਨ। ਦੌਲਤ ਰਾਮ ਉਸ ਸਮੇਂ ਅਖਬਾਰਾਂ ਵੇਚਣ ਦਾ ਕੰਮ ਕਰਿਆ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਦੌਲਤ ਰਾਮ ਅੰਦਰ ਅਖਬਾਰਾਂ ਵੇਚਦਿਆਂ ਅਤੇ ਪੜ੍ਹਦੇ ਹੋਏ ਦੇਸ਼ ਭਗਤੀ ਦਾ ਜ਼ਜਬਾ ਪੈਦਾ ਹੋਇਆ ਅਤੇ ਉਹ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਜਾਦੀ ਦੇ ਰਾਹ ਤੁਰ ਪਿਆ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਜ਼ਾਦੀ ਦੇ ਚਾਅ ਅੱਗੇ ਉਸ ਨੂੰ ਵਿਆਹ ਕਰਵਾਉਣ ਦਾ ਚਾਅ ਵੀ ਫਿੱਕਾ ਲੱਗਣ ਲਗਾ ਅਤੇ ਉਸ ਨੇ ਸਾਰੀ ਜ਼ਿੰਦਗੀ ਖੁਦ ਨੂੰ ਗ੍ਹਿਸਥ ਜੀਵਨ ਤੋਂ ਦੂਰ ਰੱਖਿਆ। 1930 ਵਿਚ ਇਕ ਅਜ਼ਾਦੀ ਮੋਰਚਾ ਵਿਚ ਹਿੱਸਾ ਲੈਂਦਿਆਂ ਆਪ ਨੂੰ ਅੰਗਰੇਜ਼ਾਂ ਨੇ ਪਹਿਲੀ ਵਾਰ ਕਾਬੂ ਕੀਤਾ। 1931 ਵਿਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਥਾਨਕ ਰੇਲਵੇ ਸਟੇਸ਼ਨ 'ਤੇ ਲੱਗੇ ਇਕ ਇਸ਼ਤਿਹਾਰ ਦੇ ਸ਼ੱਕ ਦੇ ਆਧਾਰ 'ਤੇ ਚੱਲਦਿਆਂ ਇਨ੍ਹਾਂ ਨੂੰ ਫਿਰ ਤੋਂ ਜੇਲ੍ਹ 'ਚ ਬੰਦ ਕੀਤਾ ਗਿਆ, ਪਰ ਇੰਨ੍ਹਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। 1939 ਵਿਚ ਚੱਲੀ 'ਪਗੜੀ ਸੰਭਾਲ ਜੱਟਾ' ਲਹਿਰ ਤਹਿਤ ਅਜ਼ਾਦੀ ਘੁਲਾਟੀਆਂ ਵੱਲੋਂ ਪੱਟੀ ਵਿਖੇ ਮੋਰਚਾ ਲਗਾਇਆ ਗਿਆ। ਜਿਸ ਦੇ ਚੱਲਦਿਆਂ ਆਪ ਨੇ ਨੌ ਮਹੀਨੇ ਕਸੂਰ ਜੇਲ੍ਹ ਕੱਟੀ। ਉਸ ਤੋਂ ਬਾਅਦ 1942 ਵਿਚ ਹਿੰਦੁਸਤਾਨ ਵਿਚ ਚੱਲੀ 'ਅੰਗਰੇਜ਼ੋ ਭਾਰਤ ਛੱਡੋ' ਮੁਹਿੰਮ ਦੌਰਾਨ ਵੀ ਆਪ ਨੇ 1942 ਤੋਂ 1944 ਤਕ 17 ਮਹੀਨੇ ਜੇਲ੍ਹ ਕੱਟੀ। ਆਖਿਰ 1947 ਵਿਚ ਬਰਤਾਨੀਆਂ ਹਕੂਮਤ ਨੂੰ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼ ਅੱਗੇ ਝੁੱਕਣਾ ਪਿਆ ਅਤੇ ਦੇਸ਼ ਨੂੰ ਅਜ਼ਾਦ ਫਿਜਾ ਮਿਲੀ। ਉਸ ਸਮੇਂ ਪੰਜਾਬ ਦੀ ਰਾਜਧਾਨੀ ਸ਼ਿਮਲਾ ਬਣਾਈ ਗਈ। ਸਮੇਂ ਦੀ ਸਰਕਾਰ ਵੱਲੋਂ ਦੌਲਤ ਰਾਮ ਨੂੰ 30 ਰੁਪਏ ਮਹੀਨੇ ਪੈਨਸ਼ਨ ਮਿਲਿਆ ਕਰਦੀ ਸੀ। 1957 ਵਿਚ ਆਪ ਦਾ ਦੇਹਾਂਤ ਹੋ ਗਿਆ। 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਆਪ ਦੇ ਰਿਸ਼ਤੇਦਾਰ ਅਮਰਨਾਥ, ਰਾਮ ਕੁਮਾਰ, ਵਿਜੇ ਕੁਮਾਰ, ਵਰਿੰਦਰ ਕੁਮਾਰ, ਬਿੰਦੂ ਸ਼ਰਮਾ, ਸੰਜੀਵ ਕੁਮਾਰ, ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਪੱਟੀ ਨੇ 7 ਮਈ 1957 ਨੂੰ ਆਪ ਦੀ ਯਾਦਗਾਰ ਬਣਾਉਣ ਲਈ ਮਤਾ ਵੀ ਪਾਇਆ ਸੀ। ਪਰ ਭਾਰਤ ਮਾਤਾ ਦੇ ਇਸ ਲਾਲ ਨੂੰ ਢੁੱਕਵੀਂ ਯਾਦਗਾਰ ਨਸੀਬ ਨਹੀਂ ਹੋਈ। ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਅਜਾਦੀ ਘੁਲਾਈਏ ਦੌਲਤ ਰਾਮ ਨੂੰ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਪੱਟੀ ਵਿਚ ਇਸ ਅਜ਼ਾਦੀ ਘੁਲਾਟੀਏ ਦੀ ਯਾਦਗਾਰ ਬਣਾਈ ਜਾਵੇ। ਰਿਕਾਰਡ ਵਿਚ ਹੋਣ ਦੇ ਬਾਵਜੁਦ ਵੀ ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਹੈ।