ਸੁਭਾਸ਼ ਚੰਦਰ ਭਗਤ, ਮਜੀਠਾ : ਮਜੀਠਾ ਮੁੱਖ ਸੜਕ 'ਤੇ ਕੁਝ ਲੁਟੇਰਿਆਂ ਨੇ ਕਸਬਾ ਮਜੀਠਾ ਦੇ ਨੌਜਵਾਨ ਨੂੰ ਜ਼ਖ਼ਮੀ ਕਰ ਕੇ ਉਸ ਦਾ ਮੋਟਰਸਾਈਕਲ ਖੋਹ ਲਿਆ। ਪਰਮਜੀਤ ਸਿੰਘ ਵਾਸੀ ਮਜੀਠਾ ਨੇ ਪੁਲਿਸ ਚੌਕੀ ਬੱਲ ਕਲਾਂ 'ਚ ਦਿੱਤੀ ਦਰਖ਼ਾਸਤ 'ਚ ਦੱਸਿਆ ਕਿ ਉਸ ਦਾ ਪੁੱਤਰ ਅਵਤਾਰ ਸਿੰਘ ਜੋ ਪੇਸ਼ੇ ਵਜੋਂ ਵਕੀਲ ਹੈ ਤੇ ਹਰ ਰੋਜ਼ ਅੰਮਿ੍ਤਸਰ ਕਚਹਿਰੀ ਜਾਂਦਾ ਹੈ, ਬੀਤੇ ਦਿਨੀਂ ਦੇਰ ਸ਼ਾਮ ਕਚਹਿਰੀ ਤੋਂ ਮੋਟਰਸਾਈਕਲ 'ਤੇ ਅੰਮਿ੍ਤਸਰ ਤੋਂ ਮਜੀਠਾ ਘਰ ਆ ਰਿਹਾ ਸੀ। ਜਦੋਂ ਉਹ ਬੌਲੀ ਅੱਡਾ ਨੇੜੇ ਬੱਲ ਕਲਾਂ ਪੁੱਜਾ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਦਾਤਰਾਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਕਤ ਲੁਟੇਰੇ ਉਸ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਰਾਹਗੀਰਾਂ ਨੇ ਉਸ ਨੂੰ ਅੰਮਿ੍ਤਸਰ ਦੇ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਨਾਜ਼ੁਕ ਹੈ। ਉਧਰ ਪੁਲਿਸ ਚੌਕੀ ਬੱਲ ਕਲਾਂ ਦੇ ਏਐੱਸਆਈ ਅਮਰ ਸਿੰਘ ਨੇ ਕਿਹਾ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।