ਜੇਐੱਨਐੈੱਨ, ਅੰਮਿ੍ਤਸਰ : ਨਗਰ ਨਿਗਮ ਦੇ ਆਡੀਟਰ ਹਰੀਸ਼ ਕੁਮਾਰ ਦੀ ਮੌਤ 5 ਜੂਨ 2020 ਨੂੰ ਸਾਹ ਘੱੁਟਣ ਨਾਲ ਹੋਈ ਸੀ। ਇਹ ਖ਼ੁਲਾਸਾ ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈ। ਪੁਲਿਸ ਨੇ ਘਟਨਾ ਵਾਲੇ ਦਿਨ ਹਰੀਸ਼ ਦੀ ਲਾਸ਼ ਤਰਨਤਾਰਨ ਰੋਡ ਵਾਲੀ ਨਹਿਰ 'ਚੋਂ ਬਰਾਮਦ ਕੀਤੀ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਉਧਰ, ਸੁਲਤਾਨਵਿੰਡ ਥਾਣੇ ਦੇ ਇੰਚਾਰਜ ਇੰਸਪੈਕਟਰ ਪਰਨੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।

ਗੇਟ ਹਕੀਮਾਂ ਥਾਣੇ ਅਧੀਨ ਪੈਂਦੇ ਡੈਮਗੰਜ ਵਾਸੀ ਅਸ਼ਵਨੀ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਹਰੀਸ਼ ਕੁਮਾਰ ਨਿਗਮ ਵਿਚ ਬਤੌਰ ਆਡੀਟਰ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ। ਪਰਿਵਾਰ ਦੇ ਮੈਂਬਰਾਂ ਨੇ ਉਸ ਦਾ ਦੂਜਾ ਵਿਆਹ ਮਨਜੀਤ ਕੌਰ ਨਾਂ ਦੀ ਅੌਰਤ ਨਾਲ ਕਰ ਦਿੱਤੀ ਸੀ ਤੇ ਉਹ ਆਪਣੀ ਪਤਨੀ ਤੇ ਪੰਜ ਸਾਲ ਦੀ ਬੱਚੀ ਨਾਲ ਰਹਿ ਰਿਹਾ ਸੀ। 5 ਜੂਨ ਨੂੰ ਹਰੀਸ਼ ਅਚਾਨਕ ਘਰ ਤੋਂ ਲਾਪਤਾ ਹੋ ਗਿਆ। ਇਸ ਬਾਰੇ ਵਿਚ ਪੁਲਿਸ ਵਿਚ ਸ਼ਿਕਾਇਤ ਵੀ ਕੀਤੀ ਗਈ ਸੀ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਹਰੀਸ਼ ਦੀ ਲਾਸ਼ ਨਹਿਰ 'ਚ ਵਹਿ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਬਾਹਰ ਕੱਢਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਹਰੀਸ਼ ਦੀ ਮੌਤ ਹਾਦਸੇ 'ਚ ਨਹੀਂ ਹੋਈ, ਸਗੋਂ ਉਸ ਦੀ ਹੱਤਿਆ ਹੋਈ ਹੈ। ਹੁਣ ਰਿਪੋਰਟ ਆਉਣ 'ਤੇ ਪਤਾ ਲੱਗਾ ਹੈ ਕਿ ਹਰੀਸ਼ ਦੀ ਹੱਤਿਆ ਸਾਹ ਘੁੱਟਣ ਨਾਲ ਹੋਈ ਹੈ। ਪਰਿਵਾਰ ਨੇ ਕਰੀਬੀ ਰਿਸ਼ਤੇਦਾਰਾਂ 'ਤੇ ਹੱਤਿਆ ਦਾ ਦੋਸ਼ ਲਾਇਆ ਹੈ, ਜਦਕਿ ਥਾਣਾ ਇੰਚਾਰਜ ਪਰਨੀਤ ਸਿੰਘ ਨੇ ਦੱਸਿਆ ਜਾਂਚ ਦੌਰਾਨ ਕਿਸੇ ਖ਼ਿਲਾਫ਼ ਸਬੂਤ ਨਹੀਂ ਮਿਲੇ ਤੇ ਜਾਂਚ ਜਾਰੀ ਹੈ। ਹਰੀਸ਼ ਕੁਮਾਰ ਦੀ ਬਿਸਰਾ ਰਿਪੋਰਟ ਆਉਣ 'ਤੇ ਮਾਮਲਾ ਹੋਰ ਵੀ ਸਾਫ਼ ਹੋ ਜਾਵੇਗਾ।