ਸਟਾਫ ਰਿਪੋਰਟਰ, ਅੰਮਿ੍ਤਸਰ : ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ 15 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਤੇ ਮੌਜੂਦਾ ਸਮੇਂ ਹੜਤਾਲ ਤੇ ਚੱਲ ਰਹੇ ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ 'ਤੇ ਚੱਲ ਰਿਹਾ ਧਰਨਾ 47ਵੇਂ ਦਿਨ 'ਚ ਸ਼ਾਮਲ ਹੋ ਗਿਆ।

ਜ਼ਿਲ੍ਹਾ ਪ੍ਰਰੀਸ਼ਦ ਅੰਮਿ੍ਤਸਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਧਰਨੇ ਦੌਰਾਨ ਵਾਈਸ ਚੇਅਰਮੈਨ ਪੰਜਾਬ ਕਮਲਜੀਤ ਸਿੰਘ ਚੌਹਾਨ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕਲੇਰ ਤੇ ਮੀਤ ਪ੍ਰਧਾਨ ਪੰਜਾਬ ਨਵਜੋਤ ਕੌਰ ਨੇ ਕਿਹਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਫਾਰਮਾਸਿਸਟ ਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ 47 ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਲੈ ਕੇ ਕੋਈ ਸੁਣਵਾਈ ਨਾ ਹੋਣ ਤੇ ਪੰਚਾਇਤ ਮੰਤਰੀ ਵਲੋਂ ਪਿਛਲੇ ਦਿਨਾਂ ਤੋਂ ਲਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਕੇ ਜਥੇਬੰਦੀ ਵਲੋਂ ਮੁਲਤਵੀ ਕੀਤੇ ਅਲਟੀਮੇਟਮ ਸੰਘਰਸ਼ ਨੂੰ ਮੁੜ ਤੋਂ ਦੁਬਾਰਾ ਕੀਤੇ ਜਾਣ ਦੇ ਫੈਸਲੇ ਤਹਿਤ ਮਿਤੀ 10 ਅਗਸਤ ਨੂੰ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ।

ਜੇਕਰ ਪੁਲਿਸ ਪ੍ਰਸਾਸ਼ਨ ਦੁਆਰਾ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਇਸ ਅੰਦੋਲਨ 'ਚ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਸੂਬੇ ਭਰ ਦੇ ਹਜ਼ਾਰਾਂ ਫਾਰਮਾਸਿਸਟ ਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਸਮੂਹਿਕ ਗਿ੍ਫਤਾਰੀਆਂ ਦਿੱਤੀਆਂ ਜਾਣਗੀਆਂ ਤੇ ਦੂਸਰੇ ਪੜਾਅ 'ਚ 15 ਅਗਸਤ ਪੰਚਾਇਤ ਮੰਤਰੀ ਦੁਆਰਾ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਮੌਕੇ ਸਮੂਹ ਮੁਲਾਜ਼ਮਾਂ ਵਲੋਂ ਸ਼ਹਿਰ ਵਿਚ ਕਾਲੀਆਂ ਝੰਡੀਆਂ ਨਾਲ ਫਲੈਗ ਮਾਰਚ ਕੀਤਾ ਜਾਵੇਗਾ।

ਇਸ ਮੌਕੇ ਫਾਰਮੇਸੀ ਅਫਸਰ ਜ਼ਿਲ੍ਹਾ ਅੰਮਿ੍ਤਸਰ ਕੋਆਰਡੀਨੇਟਰ ਮਨੀਸ਼ ਕੁਮਾਰ, ਪ੍ਰਦੀਪ ਕੁਮਾਰ, ਨਰਿੰਦਰ ਸਿੰਘ ਸਰਕਾਰੀਆ, ਗੁਰਭੇਜ ਸਿੰਘ ਹਾਜ਼ਰ ਸਨ।