ਗਗਨਦੀਪ ਸਿੰਘ ਬੇਦੀ, ਅੰਮਿ੍ਤਸਰ : ਜ਼ਿਲ੍ਹੇ ਆਰਟੀਏ ਦਫਤਰ ਦਾ ਇਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਤੇ ਅਜਿਹੇ ਵਿਚ ਨਵ-ਨਿਯੁਕਤ ਆਰਟੀਏ ਜਯੋਤੀ ਬਾਲਾ ਵੱਲੋਂ ਲਾਪਰਵਾਹੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦੀ ਰਿਹਾਇਸ਼ ਵਾਲੇ ਇਲਾਕੇ ਤੱਕ ਨੂੰ ਸੈਨੇਟਾਈਜ਼ ਤੇ ਲੋੜ ਪੈਣ 'ਤੇ ਸੀਲ ਤੱਕ ਕੀਤਾ ਜਾਂਦਾ ਹੈ ਪਰ ਆਰਟੀਏ ਦਫਤਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਇਕ ਅਧਿਕਾਰੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾ ਤਾਂ ਦਫਤਰ ਨੂੰ ਸੈਨੇਟਾਈਜ਼ ਕਰਵਾਇਆ ਗਿਆ ਤੇ ਨਾ ਹੀ ਇਸ ਨੂੰ ਬੰਦ ਕੀਤਾ ਗਿਆ। ਇਸ ਤੋਂ ਵੀ ਵੱਡੀ ਲਾਪਰਵਾਹੀ ਦੀ ਗੱਲ ਇਹ ਸੀ ਕਿ ਦਫਤਰ ਦੇ ਮੁੱਖ ਦਰਵਾਜ਼ੇ 'ਤੇ ਨਾ ਤਾਂ ਕੋਈ ਥਰਮਲ ਸਕੈਨਿੰਗ ਵਾਲੀ ਮਸ਼ੀਨ ਮੌਜੂਦ ਸੀ ਤੇ ਨਾ ਹੀ ਆਰਟੀਏ ਜਯੋਤੀ ਬਾਲਾ ਦੇ ਕਮਰੇ ਦੇ ਬਾਹਰ ਲੱਗੀ ਸੈਨੇਟਾਈਜ਼ਿੰਗ (ਆਟੋਮੈਟਿਕ ਇਲੈਕਟ੍ਰਾਨਿਕ) ਮਸ਼ੀਨ ਚੱਲ ਰਹੀ ਸੀ। ਕੋਰੋਨਾ ਕੇਸ ਸਾਹਮਣੇ ਆਉਣ ਦੇ ਬਾਵਜੂਦ ਆਰਟੀਏ ਵੱਲੋਂ ਤੁਰੰਤ ਪਬਲਿਕ ਡੀਲਿੰਗ ਬੰਦ ਨਹੀਂ ਕਰਵਾਈ ਗਈ ਤੇ ਨਾ ਹੀ ਚਲਾਨ ਵਾਲੇ ਕਮਰੇ ਦੇ ਬਾਹਰ ਲੱਗੀ ਭੀੜ ਨੂੰ ਘਟਾਉਣ ਲਈ ਕਿਸੇ ਤਰ੍ਹਾਂ ਦਾ ਯਤਨ ਕੀਤਾ ਗਿਆ। ਜਦਕਿ ਚਲਾਨ ਵਾਲੇ ਕਮਰੇ ਦੇ ਅੰਦਰ ਇਕ ਤੋਂ ਦੋ ਪ੍ਰਰਾਈਵੇਟ ਕਰਿੰਦੇ ਜ਼ਰੂਰ ਮੌਜੂਦ ਹੁੰਦੇ ਹਨ ਜੋ ਖਿੜਕੀ ਤੋਂ ਚਲਾਨ ਫੜ੍ਹਦੇ ਹਨ, ਇਨ੍ਹਾਂ 'ਚੋਂ ਹੀ ਕਿਸੇ ਇਕ ਨੂੰ ਬਾਹਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਲਈ ਖਲਾਰਿਆ ਜਾ ਸਕਦਾ ਸੀ।

-- ਸਵਾਲਾਂ ਤੋਂ ਭੱਜਦੇ ਨਜ਼ਰ ਆਏ ਮੈਡਮ ਜਯੋਤੀ ਬਾਲਾ

ਦਫਤਰ 'ਚ ਸੈਨੇਟਾਈਜ਼ਿੰਗ ਮਸ਼ੀਨ ਦੇ ਬੰਦ ਹੋਣ ਤੇ ਚਲਾਨ ਵਾਲੀ ਖਿੜਕੀ 'ਤੇ ਸੋਸ਼ਲ ਡਿਸਟੈਂਸਿੰਗ ਦੀਆਂ ਉੱਡਦੀਆਂ ਧੱਜੀਆਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਆਰਟੀਏ ਮੈਡਮ ਨੂੰ ਭੇਜੀਆਂ ਗਈਆਂ ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ ਤੇ ਕਾਫੀ ਵਾਰ ਫੋਨ 'ਤੇ ਮੈਸੇਜ਼ ਕਰਨ ਤੋਂ ਬਾਅਦ ਜੇਕਰ ਫੋਨ ਰਿਸੀਵ ਕੀਤਾ ਤਾਂ ਉਨ੍ਹਾਂ ਪੱਲਾ ਝਾੜਦਿਆਂ ਕਿਹਾ ਚਲਾਨ ਵਾਲੇ ਕਮਰੇ ਦੇ ਬਾਹਰ ਉਹ ਖੁਦ ਕਈ ਵਾਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਵਾਉਣ ਲਈ ਲੋਕਾਂ ਨੂੰ ਕਹਿ ਚੁਕੇ ਹਨ ਪਰ ਲੋਕ ਸਮਝਦੇ ਨਹੀਂ ਹਨ, ਜਦਕਿ ਮੈਡਮ ਦੇ ਕਮਰੇ ਦੇ ਬਾਹਰ ਵੀ ਦੌ ਪੀਅਨ ਜ਼ਰੂਰ ਮੌਜੂਦ ਹੁੰਦੇ ਹਨ, ਇਨ੍ਹਾਂ 'ਚੋਂ ਹੀ ਕਿਸੇ ਇਕ ਦੀ ਡਿਊਟੀ ਲਗਵਾਈ ਜਾ ਸਕਦੀ ਸੀ। ਇਸ ਤੋਂ ਇਲਾਵਾ ਸੈਨੇਟਾਈਜ਼ਿੰਗ ਮਸ਼ੀਨ ਦੇ ਬੰਦ ਹੋਣ ਤੇ ਚਲਾਨ ਵਾਲੇ ਕਮਰੇ ਅੰਦਰ ਪ੍ਰਰਾਈਵੇਟ ਕਰਿੰਦੇ ਹੋਣ ਬਾਰੇ ਉਨ੍ਹਾਂ ਕਿਹਾ ਸਾਨੂੰ ਦਫਤਰ ਦੇ ਚਿੱਠੀ ਪੱਤਰ ਭੇਜ ਲੈਣ ਦੇਵੋ, ਕਿਉਂਕਿ ਸਾਡਾ ਦਫਤਰੀ ਕੰਮ ਕਾਫੀ ਪੈਂਡਿੰਗ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਅਧਿਕਾਰੀ ਬਾਰੇ ਉਨ੍ਹਾਂ ਨੇ ਡੀਸੀ ਅੰਮਿ੍ਤਸਰ ਦੇ ਧਿਆਨ ਵਿਚ ਲਿਆਉਂਦਾ ਹੈ, ਹੁਣ ਦਫਤਰ ਨੂੰ ਸੈਨੇਟਾਈਜ਼ ਕਰਕੇ ਬੰਦ ਕਰਵਾ ਦਿੱਤਾ ਜਾਵੇਗਾ ਤੇ ਸੋਮਵਾਰ ਤੋਂ ਮੁੜ ਦਫਤਰ ਲਾਇਆ ਜਾਵੇਗਾ।