ਰਾਕੇਸ਼ ਨਈਅਰ, ਚੋਹਲਾ ਸਾਹਿਬ

ਹੁਣ ਤਕ ਕੋਰੋਨਾ ਦੀ ਲਾਗ ਤੋਂ ਬਚਿਆ ਆ ਰਿਹਾ ਕਸਬਾ ਚੋਹਲਾ ਸਾਹਿਬ ਵਿਖੇ ਦੋ ਜਣਿਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਪਾਜ਼ੇਟਿਵ ਪਾਏ ਗਏ ਦੋਵਾਂ ਮਰੀਜ਼ਾਂ ਨੂੰ ਇਲਾਜ ਲਈ ਨੇੜੇ ਦੇ ਆਈਸੋਲੇਸ਼ਨ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹਾਂਗਕਾਂਗ ਤੋਂ ਚੋਹਲਾ ਸਾਹਿਬ ਵਿਖੇ ਆਏ ਮਾਂ ਪੁੱਤ ਨੇ ਕੱਲ ਹੀ ਵਾਪਸ ਹਾਂਗਕਾਂਗ ਜਾਣ ਲਈ ਫਲਾਈਟ ਲੈਣੀ ਸੀ। ਹਾਂਗਕਾਂਗ ਜਾਣ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਦੋਵਾਂ ਦੇ ਸੈਂਪਲ ਲਏ। ਜਿਸ ਦੀ ਰਿਪੋਰਟ ਆਉਣ 'ਤੇ ਦੋਵੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿੰਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਸਰਕਾਰੀ ਹਸਪਤਾਲ ਸਰਹਾਲੀ ਦੋਵਾਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਜਲਦੀ ਹੀ ਸੈਂਪਲ ਲਏ ਜਾਣਗੇ। ਦੋ ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵੱਡੀ ਉਮਰ ਦੇ ਬਜ਼ੁਰਗਾਂ, ਗਰਭਵਤੀ ਅੌਰਤਾਂ ਅਤੇ ਬੱਚਿਆਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਲੋਕਾਂ ਨੂੰ ਇਸ ਬਿਮਾਰੀ ਦੇ ਸਮਾਜਿਕ ਫੈਲਾਅ ਨੂੰ ਰੋਕਣ ਵਿਚ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਹੁਤ ਜਰੂਰੀ ਕੰਮ ਹੋਣ ਤੇ ਹੀ ਮਾਸਕ ਪਹਿਣ ਕੇ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਦੇ ਰਹਿਣਾ ਚਾਹੀਦਾ। ਡਾ. ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਏ ਗਏ ਮਿਸ਼ਨ ਫਤਹਿ ਨੂੰ ਸਫਲ ਬਣਾਇਆ ਜਾ ਸਕੇ।