ਜਸਪਾਲ ਸ਼ਰਮਾ ਜੰਡਿਆਲਾ ਗੁਰੂ : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੁੱਛਲ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਹੁਣ ਜੰਡਿਆਲਾ ਗੁਰੂ ਵਿਚ ਵੀ ਦੋ ਵਿਅਕਤੀਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਗਈ। ਬੀਤੇ ਸ਼ਨਿੱਚਰਵਾਰ ਨੂੰ ਕਾਰਜ ਸਿੰਘ ਕਾਰੀ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੁਪੁਰਾ ਤੋਂ ਸ਼ਰਾਬ ਪੀ ਕੇ ਆਇਆ ਸੀ ਕਿ ਰਾਤ ਹੀ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ 'ਤੇ ਪਰਿਵਾਰ ਵਾਲੇ ਉਸ ਨੂੰ ਜੰਡਿਆਲਾ ਗੁਰੂ ਦੇ ਨਿੱਜੀ ਹਸਪਤਾਲ ਲੈ ਕੇ ਗਏ ਪਰ ਹਸਪਤਾਲ ਵਾਲਿਆਂ ਨੇ ਉਸ ਨੂੰ ਜਵਾਬ ਦੇ ਦਿੱਤਾ।

ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵੱਲਾ (ਅੰਮਿ੍ਤਸਰ) ਲੈ ਕੇ ਗਏ ਤੇ ਉਨ੍ਹਾਂ ਅੱਗੋਂ ਕਾਰਜ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਜਿਥੇ ਇਲਾਜ ਦੌਰਾਨ ਸੋਮਵਾਰ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ। ਮਿ੍ਤਕ ਦੇ ਪੁੱਤਰ ਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸ਼ਰਾਬ ਪੀਣ ਦੇ ਆਦੀ ਸਨ। ਉਹ ਸ਼ਨਿੱਚਰਵਾਰ ਰਾਤ ਮੁਹੱਲਾ ਸ਼ੇਖੂਪੁਰ ਤੋਂ ਸ਼ਰਾਬ ਪੀ ਕੇ ਆਏ ਸਨ ਤੇ ਘਰ ਆ ਕੇ ਉਲਟੀਆਂ ਕਰਨ ਲੱਗ ਗਏ। ਇਸੇ ਤਰ੍ਹਾਂ ਹੀ ਏਜੰਸੀ ਵਾਲੀ ਗਲੀ ਵੈਰੋਵਾਲ ਰੋਡ ਜੰਡਿਆਲਾ ਗੁਰੂ ਵਾਸੀ ਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜੋ ਸ਼ਨਿੱਚਰਵਾਰ ਸ਼ਰਾਬ ਪੀ ਕੇ ਆਇਆ ਸੀ, ਮੁੜ ਬਿਸਤਰੇ ਤੋਂ ਉੱਠਿਆ ਹੀ ਨਹੀਂ ਤੇ ਨਾਲ ਹੀ ਉਸ ਦੀ ਨਿਗ੍ਹਾ (ਨਜ਼ਰ) ਵੀ ਚਲੀ ਗਈ ਸੀ।

ਐਤਵਾਰ ਰਾਤ ਕਰੀਬ 11 ਵਜੇ ਉਸ ਦੀ ਵੀ ਮੌਤ ਹੋ ਗਈ। ਇਸ ਸਬੰਧੀ ਜਦੋਂ ਐੱਸਐੱਚਓ ਜੰਡਿਆਲਾ ਗੁਰੂ ਹਰਚੰਦ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋਵੇਂ ਵਿਅਕਤੀ ਲੰਮੇਂ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ ਤੇ ਹੁਣ ਮੁਆਵਜ਼ਾ ਲੈਣ ਕਰ ਕੇ ਇਸ ਮਾਮਲੇ ਨੂੰ ਜ਼ਹਿਰੀਲੀ ਸ਼ਰਾਬ ਨਾਲ ਜੋੜਿਆ ਜਾ ਰਿਹੈ ਹੈ।