ਜੇਐੱਨਐੱਨ, ਅੰਮਿ੍ਤਸਰ : ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਦੇ ਦੋਸ਼ ਵਿਚ ਬੀਤੇ 24 ਘੰਟੇ 'ਚ 13 ਸਮੱਗਲਰਾਂ ਨੂੰ ਗਿ੍ਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਤੋਂ ਲਾਹਣ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਧਰ, ਪੁਲਿਸ ਛਾਪੇਮਾਰੀ ਦੀ ਸੂਚਨਾ ਲੀਕ ਹੋਣ 'ਤੇ 13 ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਕੋਟ ਖਾਲਸਾ ਵਾਸੀ ਮੋਤੀ ਰਾਮ ਤੋਂ 49 ਬੋਤਲਾਂ, ਗੇਟ ਹਕੀਮਾਂ ਥਾਣੇ ਦੀ ਪੁਲਿਸ ਨੇ ਨੀਂਵਾ ਪਾਸਾ ਰਹਿਣ ਵਾਲੇ ਸ਼ੇਖਰ ਸਿੰਘ ਤੋਂ 92 ਬੋਤਲਾਂ, ਡੀ ਡਵੀਜਨ ਪੁਲਿਸ ਨੇ ਗੇਟ ਖਜ਼ਾਨਾ ਵਾਸੀ ਸੁਸ਼ੀਲ ਕੁਮਾਰ ਤੋਂ ਪੰਜ ਬੋਤਲਾਂ ਸ਼ਰਾਬ ਬਰਾਮਦ ਕਰਕੇ ਕਾਬੂ ਕੀਤਾ ਹੈ। ਬਿਆਸ ਪੁਲਿਸ ਨੇ ਲਿੱਦੜ ਪਿੰਡ ਵਾਸੀ ਨਿਸ਼ਾਨ ਸਿੰਘ ਤੋਂ ਦਸ ਬੋਤਲਾਂ ਸ਼ਰਾਬ ਫੜੀ ਹੈ। ਉਮਰਪੁਰ ਵਾਸੀ ਕਵਲਜੀਤ ਸਿੰਘ ਤੋਂ 10 ਬੋਤਲਾਂ, ਮਜੀਠਾ ਵਾਸੀ ਗੁਰਭੇਜ ਸਿੰਘ ਤੋਂ ਵੀਹ ਬੋਤਲਾਂ, ਸਤਨਮ ਸਿੰਘ ਤੋਂ 10 ਬੋਤਲਾਂ, ਭਿੰਡਰ ਵਾਸੀ ਸੁਖਵਿੰਦਰ ਸਿੰਘ ਤੋਂ ਚਾਰ ਸੌ ਕਿੱਲੋ ਲਾਹਣ, ਗੁਰਮੇਜ ਸਿੰਘ ਤੋਂ ਅੱਠ ਬੋਤਲਾਂ, ਸਾਹਿਬ ਸਿੰਘ ਤੋਂ ਨੌਂ ਬੋਤਲਾਂ, ਖਹਿਰਾ ਵਾਸੀ ਜਸਪਾਲ ਸਿੰਘ ਨੂੰ 10 ਬੋਤਲਾਂ ਸ਼ਰਾਬ ਨਾਲ ਗਿ੍ਫਤਾਰ ਕੀਤਾ ਗਿਆ ਹੈ।

ਉਧਰ, ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ 'ਚ ਬਾਰਡਰ ਰੇਂਜ ਦੇ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ 'ਚ ਅੰਮਿ੍ਤਸਰ 'ਚ ਬਟਾਲਾ ਦੇ ਐੱਸਐੱਸਪੀ ਰਛਪਾਲ ਸਿੰਘ, ਐੱਸਐੱਸਪੀ ਅੰਮਿ੍ਤਸਰ ਦਿਹਾਤੀ ਧਰੁਵ ਦਹੀਆ ਤੇ ਤਰਨਤਾਰਨ ਦੇ ਐੱਸਐੱਸਪੀ ਨਿੰਬਲੇ ਥਰੂਮਨ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਐੱਸਪੀ ਗੌਰਵ ਤੂਰਾ, ਡੀਐੱਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਦੇ ਇਲਾਵਾ ਕਈ ਪੁਲਿਸ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਸਮੱਗਲਰਾਂ 'ਤੇ ਕਾਬੂ ਪਾਉਣ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ।