ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਨਿਹੰਗ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪਬਜੀ ਗੇਮ ਐਪ 'ਤੇ ਤੁਰੰਤ ਪਾਬੰਦੀ ਦੀ ਮੰਗ ਕਰਦਿਆਂ ਕਿਹਾ ਖਤਰਨਾਕ ਆਨਲਾਈਨ ਗੇਮ ਪਬਜੀ ਵੱਡੀ ਗਿਣਤੀ ਵਿੱਚ ਜੋ ਨੌਜਵਾਨ ਖੇਡ ਰਹੇ ਹਨ ਨੂੰ ਮਾਨਸਿਕ ਪੱਧਰ ਤੇ ਪ੍ਰਭਾਵਤ ਕਰ ਰਹੀ ਹੈ।

ਇਹ ਗੇਮ ਨੌਜਵਾਨਾਂ ਦੇ ਸੁਭਾਅ ਵਿਚ ਵੱਡੀ ਤਬਦੀਲੀ ਲਿਆ ਰਹੀ ਹੈ, ਉਹ ਚਿੜਚੜੇ ਤੇ ਗੱੁਸੇਖੋਰੇ, ਇਕੱਲਪੁਣੇ ਦੇ ਆਦੀ ਹੋ ਮਾਪਿਆਂ, ਰਿਸ਼ਤੇਦਾਰਾਂ ਤੋਂ ਦੂਰ ਜਾ ਰਹੇ ਹਨ। ਪਬਜੀ ਖੇਡਣ ਤੋਂ ਰੋਕੇ ਜਾਣ ਕਾਰਨ ਕਈ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਹੈ ਜੋ ਬਹੁਤ ਮੰਦਭਾਗੀ ਤੇ ਚਿੰਤਾ ਵਾਲੀ ਗੱਲ ਹੈ। ਇਸ ਗੇਮ ਐਪ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਚਾਇਨਾ ਦੀਆਂ ਟਿਕਟੋਕ ਤੇ ਹੋਰ ਸੈਕੜੇ ਐਪ ਤੇ ਪਾਬੰਦੀ ਲੱਗ ਚੁੱਕੀ ਹੈ। ਇਸੇ ਤਰ੍ਹਾਂ ਭਾਰਤ ਸਰਕਾਰ ਪਬਜੀ ਤੇ ਪਾਬੰਦੀ ਲਗਾਉਣ ਲਈ ਅਮਰੀਕਾ ਨਾਲ ਜੋਰਦਾਰ ਤਰੀਕੇ ਨਾਲ ਗੱਲਬਾਤ ਕਰੇ। ਕਈ ਬੱਚੇ ਪਬਜੀ ਖੇਡਦੇ ਸਮੇਂ ਆਪਣੇ ਮਾਪਿਆਂ ਦੇ ਅਕਾਊਂਟ ਵਿੱਚੋ ਲੱਖਾਂ ਰੁਪਏ ਘਪਲਾ ਕਰੀ ਜਾ ਰਹੇ ਹਨ। ਪਿਛਲੇ ਸਾਲ ਦੌਰਾਨ ਦੇਸ਼ ਵਿਚ 40 ਤੋਂ ਵੱਧ ਨੌਜਵਾਨ ਮੌਤ ਦੇ ਮੂੰਹ ਜਾ ਪਏ ਹਨ। ਇਹ ਐਪ ਵੀ ਬਲਿਉਵੇਲ ਗੇਮ ਵਾਂਗ ਖਤਰਨਾਕ ਹੈ। ਆਨਲਾਈਨ ਇਹ ਗੇਮ ਨੌਜਵਾਨਾਂ ਨੂੰ ਮੌਤ ਦੇ ਘਾਟ ਵੱਲ ਧੱਕ ਰਹੀ ਹੈ ਤੇ ਮਾਨਸਿਕ ਤੌਰ ਤੇ ਬਿਮਾਰ ਕਰ ਰਹੀ ਹੈ। ਕਰੋਨਾ ਦੀ ਮਹਾਂਮਾਰੀ ਲਾਕਡਾਊਨ ਦੌਰਾਨ ਇਸ ਗੇਮ ਦਾ ਵੱਡੀ ਪੱਧਰ ਤੇ ਇਜਾਫਾ ਹੋਇਆ ਹੈ। ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ ਤੇ ਉਹ ਮਨੋਰੋਗ ਦੇ ਸ਼ਿਕਾਰ ਹੋ ਰਹੇ ਹਨ। ਇਸ ਗੇਮ ਤੇ ਤੁਰੰਤ ਪਾਬੰਦੀ ਲਗਣੀ ਚਾਹੀਦੀ ਹੈ।