ਰਮੇਸ਼ ਰਾਮਪੁਰਾ, ਅੰਮਿ੍ਤਸਰ : ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਪ੍ਰਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਿਛਲੇ ਸੰਘਰਸ਼ਾਂ ਦੌਰਾਨ ਮੀਟਿੰਗਾਂ 'ਚ ਸਹਿਮਤੀ ਹੋਈ ਸੀ ਕਿ ਜਥੇਬੰਦੀ ਦੀਆ ਮੰਗਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਵਿਚ ਕਰ ਦਿੱਤਾ ਜਾਵੇਗਾ ਤੇ ਸਮੂਹ ਇਨਲਿਸਟਮੈਂਟ ਫੀਲਡ ਤੇ ਦਫਤਰੀ ਸਟਾਫ਼ ਨੂੰ ਰੈਗੂਲਰ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਪਰ ਵਿਭਾਗ ਦੀ ਮੈਨੇਜਮੈਂਟ ਭੱਜਦੀ ਨਜ਼ਰ ਆ ਰਹੀ ਹੈ।

ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਰੋਕਾਂ ਦੇ ਬਾਵਜੂਦ ਜਥੇਬੰਦੀ ਵੱਲੋਂ ਮਜਬੂਰ ਹੋ ਕੇ ਸੜਕਾਂ ਤੇ ਆ ਕੇ ਸੂਬਾ ਪੱਧਰੀ ਜਲਦੀ ਸੰਘਰਸ਼ ਉਲੀਕਿਆ ਜਾਵੇਗਾ, ਜੋ ਕਿ ਸੰਘਰਸ਼ ਦਾ ਐਲਾਨ ਸੂਬਾ ਪੱਧਰੀ ਮੀਟਿੰਗ ਕਰਨ ਉਪਰੰਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਡਹਾਕ ਵੈਲਫੇਅਰ ਐਕਟ 2016 ਵਿਚ ਸੋਧਾਂ ਕਰਨ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ ਤੋਂ ਬਾਹਰ ਕੈਟਾਗਰੀ ਇਨਲਿਸਟਮੈਂਟ ਨੀਤੀ ਨੂੰ ਦਰਜ ਕਰਵਾਉਣ ਲਈ ਕਮੇਟੀ ਦੇ ਨੁਮਾਇੰਦਿਆਂ ਨੂੰ ਜਥੇਬੰਦੀ ਦੇ ਪੰਜ ਮੈਂਬਰੀ ਕਮੇਟੀ ਵੱਲੋਂ ਡੈਪੂਟੇਸ਼ਨ ਮਿਲ ਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਨੇ ਦੱਸਿਆ ਜਲ ਸਪਲਾਈ ਵਿਭਾਗ ਵਿਚ ਪਿਛਲੇ ਦੱਸ-ਪੰਦਰਾਂ ਸਾਲਾਂ ਤੋਂ ਕੰਮ ਕਰਦੇ ਇਨਲਿਸਟਮੈਂਟ ਠੇਕਾ ਕਾਮਿਆਂ ਦਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ੋਸ਼ਣ ਕਰਕੇ ਵਾਧੂ ਆਰਥਿਕ ਭਾਰ ਪਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਠੇਕਾ ਕਾਮਿਆਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ।

ਉਨ੍ਹਾਂ ਸਮੂਹ ਠੇਕਾ ਕਾਮਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਥੇਬੰਦੀ ਦਾ ਸਹਿਯੋਗ ਦਿਓ ਤਾਂ ਕਿ ਆਉਣ ਵਾਲੇ ਭਵਿੱਖ 'ਚ ਆਪਣੀਆਂ ਮੰਗਾਂ ਲਾਗੂ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਜਿਲ੍ਹਾ ਕਮੇਟੀ ਦੀਆਂ ਮੀਟਿੰਗਾਂ ਕਰ ਤਿਆਰੀਆਂ ਕੀਤੀਆਂ ਜਾਣਗੀਆਂ, ਉਸ ਤੋਂ ਬਾਅਦ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਜਾਵੇਗਾ। ਸੂਬਾ ਪ੍ਰਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇਣ ਦੀਆਂ ਗੱਲਾਂ ਕਰ ਰਹੀ ਹੈ। ਦੂਜੇ ਪਾਸੇ ਸਰਕਾਰੀ ਵਿਭਾਗਾਂ ਦੀਆਂ ਅਸਾਮੀਆਂ ਖਤਮ ਕਰਕੇ ਪਹਿਲਾਂ ਸੰਘਰਸ਼ਾਂ ਦੇ ਬਲਬੂਤੇ ਤੇ ਗੁਜਾਰਾ ਕਰ ਰਹੇ ਕਾਮਿਆਂ ਨੂੰ ਘਰਾਂ ਨੂੰ ਤੋਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਜਲ ਸਰੋਤ ਵਿਭਾਗ ਦੀਆਂ 8657 ਅਸਾਮੀਆਂ ਖਤਮ ਕਰਕੇ ਸਰਕਾਰ ਨੇ ਬੇਰੁਜ਼ਗਾਰੀ ਦਾ ਚਿਹਰਾ ਨੰਗਾ ਕੀਤਾ ਹੈ ਜੋ ਕਿ ਨਿੰਦਣਯੋਗ ਫੈਸਲਾ ਹੈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਸੂਬਾ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਪਾਤੜਾਂ, ਸੂਬਾ ਖਜਾਨਚੀ ਦਵਿੰਦਰ ਸਿੰਘ ਨਾਭਾ, ਪਵਿੱਤਰ ਸਿੰਘ ਮੋਗਾ, ਹੰਸਾ ਸਿੰਘ ਮੋੜ ਨਾਭਾ, ਇੰਦਰਜੀਤ ਸਿੰਘ ਮਾਨਸਾ, ਰਾਮ ਸਿੰਘ ਲੋਧੀਨੰਗਲ, ਮਨਦੀਪ ਸਿੰਘ ਸੇਖੋਂ, ਪਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਸਮਾਣਾ ਆਦਿ ਆਗੂ ਮੌਜੂਦ ਸਨ।