ਰਾਜਨ ਮਹਿਰਾ, ਅੰਮਿ੍ਤਸਰ : ਡੀਏਵੀ ਕਾਲਜਿਜ਼ ਕੋਆਰਡੀਨੇਸ਼ਨ ਕਮੇਟੀ (ਨਾਨ-ਟੀਚਿੰਗ) ਦੇ ਕਨਵੀਨਰ ਰੋਹਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪਿਛਲੇ ਚਾਰ ਮਹੀਨਿਆਂ ਤੋਂ ਪੂਰਾ ਦੇਸ਼ ਕੋਵਿਡ-19 ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਇਸ ਬਿਮਾਰੀ ਤੋਂ ਬਚਾਅ ਲਈ ਕੇਂਦਰ ਤੇ ਸੂਬਾ ਸਰਕਾਰਾਂ ਕੋਸ਼ਿਸ਼ਾਂ ਕਰ ਰਹੀਆਂ ਹਨ। ਪੰਜਾਬ 'ਚ ਇਸ ਸੰਕਟ ਕਾਰਨ ਡੀਏਵੀ ਕਾਲਜਾਂ ਦੀ ਵਿੱਤੀ ਹਾਲਤ 'ਤੇ ਬਹੁਤ ਭੈੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਪਿਛਲੇ ਕੁਝ ਸਮੇਂ ਤੋਂ ਬੱਚਿਆਂ ਦੀਆਂ ਫੀਸਾਂ ਨਾ ਆਉਣ ਕਾਰਨ ਇਨ੍ਹਾਂ ਕਾਲਜਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਾਲਜਾਂ ਦੀਆਂ ਪ੍ਰਰੀਖਿਆਵਾਂ ਤੇ ਦਾਖ਼ਲਾ ਪ੍ਰਕਿਰਿਆ ਬਾਰੇ ਨਵੀਂ ਤੇ ਸਪੱਸ਼ਟ ਜਾਣਕਾਰੀ ਯੂਨੀਵਰਸਿਟੀਆਂ ਵੱਲੋਂ ਪ੍ਰਦਾਨ ਕੀਤੇ ਜਾਵੇ। ਉਨ੍ਹਾਂ ਕਿਹਾ ਹਾਲਾਤ ਦੇ ਚਲਦੇ ਕਈ ਕਾਲਜਾਂ ਵਿਚ ਸਟਾਫ ਦੀ ਤਨਖ਼ਾਹ ਦੇਣ 'ਚ ਵੀ ਮੁਸ਼ਕਲ ਆ ਰਹੀ ਹੈ ਤੇ ਕੁਝ ਨੂੰ ਤਾਂ ਤਨਖ਼ਾਹ ਮਿਲ ਹੀ ਨਹੀਂ ਰਹੀ ਤੇ ਜਿਨ੍ਹਾਂ ਨੂੰ ਮਿਲ ਰਹੀ ਹੈ, ਉਹ ਅੱਧੇ ਨਾਲੋਂ ਵੀ ਘੱਟ ਹੈ। ਇਸ ਵਿੱਤੀ ਸੰਕਟ ਕਾਰਨ ਕਈ ਆਰਜ਼ੀ ਮੁਲਾਜ਼ਮਾਂ ਨੂੰ ਕੰਮ 'ਤੇ ਵੀ ਨਹੀਂ ਬੁਲਾਇਆ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਪਾ ਰਹੀਆਂ। ਉਨ੍ਹਾਂ ਪਿ੍ਰੰਸੀਪਲਾਂ ਕੋਲੋਂ ਮੰਗ ਕੀਤੀ ਕਿ ਕਾਲਜਾਂ ਦੇ ਖ਼ਰਚਿਆਂ ਨੂੰ ਘੱਟ ਕਰਨ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਸਟਾਫ ਦੀ ਤਨਖ਼ਾਹ ਦਿੱਤੀ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਸੰਸਥਾਵਾਂ ਨੂੰ ਜੋ ਵਿੱਤੀ ਸਹਾਇਤਾ ਗਰਾਂਟ ਦੇ ਰੂਪ 'ਚ ਆਉਂਦੀ ਹੈ, ਛੇਤੀ ਤੋਂ ਛੇਤੀ ਰਿਲੀਜ਼ ਕੀਤੀ ਜਾਵੇ, ਤਾਂ ਜੋ ਇਨ੍ਹਾਂ ਕਾਲਜਾਂ ਦੀ ਵਿੱਤੀ ਹਾਲਤ ਪਟਰੀ 'ਤੇ ਲਿਆਂਦੀ ਜਾ ਸਕੇ।